ਪੱਤਰ ਪ੍ਰਰੇਰਕ, ਮੋਗਾ : ਪਿੰਡ ਝੰਡੇਵਾਲਾ ਵਿਖੇ ਮਾਲਵਿਕਾ ਸੂਦ ਸੱਚਰ ਵੱਲੋਂ ਸੂਦ ਚੈਰਿਟੀ ਫਾਉਂਡੇਸ਼ਨ ਦੇ ਬੈਨਰ ਹੇਠ ਸੀਟੀ ਯੂਨੀਵਰਸਿਟੀ ਤੇ ਸ਼ੰਕਰ ਆਈ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਦਾ ਵਿਸ਼ਾਲ ਚੈੱਕਅਪ ਤੇ ਸਰਜਰੀ ਕੈਂਪ ਗੁਰਦੁਆਰਾ ਸਾਹਿਬ ਭਾਈ ਕਾਹਨ ਸਿੰਘ ਜੀ ਵਿਖੇ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਮਾਲਵਿਕਾ ਸੂਦ ਸੱਚਰ ਅਤੇ ਗੌਤਮ ਸੱਚਰ ਨੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਕੇ ਕਰਾਈ ਅਤੇ ਕੈਂਪ ਦੌਰਾਨ ਪੁੱਜੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਉਨਾਂ੍ਹ ਮੁਫ਼ਤ ਦਵਾਈਆਂ ਵੰਡੀਆਂ ਗਈਆ।

ਉਕਤ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਮਾਲਵਿਕਾ ਸੂਦ ਸੱਚਰ ਨੇ ਦਸਿਆ ਕਿ ਇਸ ਕੈਂਪ ਦੌਰਾਨ ਨਾ ਸਿਰਫ ਪਿੰਡ ਝੰਡੇਵਾਲਾ ਬਲਕਿ ਆਸ ਪਾਸ ਦੇ ਪਿੰਡ ਬੁੱਧ ਸਿੰਘ ਵਾਲਾ, ਮਲੀਆਵਾਲਾ, ਚੁੱਪਕੀਤੀ ਸਮੇਤ ਦੌਲਤਪੁਰਾ ਉੱਚਾ ਅਤੇ ਮੋਗਾ ਸ਼ਹਿਰ ਤੋਂ ਵੀ ਲੋੜਵੰਦ ਲੋਕਾਂ ਨੇ ਪੁੱਜਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਅਤੇ ਇਸਤੋਂ ਇਲਾਵਾ ਵੱਖ-ਵੱਖ ਟੀਮ ਦੇ ਮੈਂਬਰਾਂ ਵਲੋਂ ਪੁੱਜੇ ਮਰੀਜ਼ਾਂ ਦੇ ਮੁਫ਼ਤ ਕੋਰੋਨਾ ਤੇ ਬੀਪੀ, ਸ਼ੂਗਰ ਦੇ ਟੈਸਟ ਵੀ ਕੀਤੇ ਗਏ। ਉਨਾਂ੍ਹ ਦੱਸਿਆ ਕਿ ਅੱਜ ਦੇ ਇਸ ਕੈਂਪ ਦਾ ਲੱਗਭਗ 248 ਮਰੀਜ਼ਾਂ ਨੇ ਲਾਹਾ ਲਿਆ ਅਤੇ ਜਿਨਾਂ੍ਹ ਨੂੰ ਡਾਕਟਰਾਂ ਵਲੋਂ ਸਰਜਰੀ ਦੱਸੀ ਗਈ ਹੈ, ਉਨਾਂ੍ਹ ਦੇ ਆਪਰੇਸ਼ਨ ਕਰਵਾਉਣ ਲਈ ਉਕਤ ਮਰੀਜ਼ਾਂ ਨੂੰ 3 ਜਨਵਰੀ ਦੁਪਹਿਰ 1 ਵਜੇ ਉਕਤ ਗੁਰਦੁਆਰਾ ਸਾਹਿਬ ਤੋਂ ਮੁਲਾਂਪੁਰ ਹਸਪਤਾਲ ਲਈ ਲਿਜਾਇਆ ਜਾਵੇਗਾ। ਮਾਲਵਿਕਾ ਸੂਦ ਸੱਚਰ ਨੇ ਕੈਂਪ ਨੂੰ ਸਫਲ ਬਣਾਉਣ 'ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਗੁਰੁਦਆਰਾ ਸਾਹਿਬ ਦੀ ਸਮੁੱਚੀ ਕਮੇਟੀ ਨੂੰ ਸਨਮਾਨਿਤ ਕੀਤਾ। ਮਾਲਵਿਕਾ ਨੇ ਕਿਹਾ ਕਿ ਸੂਦ ਚੈਰਿਟੀ ਆਪਣੇ ਇਸ ਨੇਕ ਕੰਮ ਨੂੰ ਭਵਿੱਖ 'ਚ ਵੀ ਨਿਰੰਤਰ ਜਾਰੀ ਰਖੇਗੀ। ਇਸ ਮੌਕੇ ਡਾ. ਸਰਬਜੀਤ ਕੌਰ ਬਰਾੜ, ਅਜਾਇਬ ਸਿੰਘ, ਅਲੋਕ ਸ਼ਰਮਾ ਅਲੀ, ਪੂਨਮ ਨਾਰੰਗ, ਸੱਤੀ ਚਾਵਲਾ, ਬਲਰਾਜ ਸਿੰਘ, ਆਰੀਅਨ ਰਾਏ, ਗਗਨਦੀਪ ਮਿੱਤਲ ਆਦਿ ਹਾਜ਼ਰ ਸਨ।