ਕੈਪਸ਼ਨ : ਸ਼ਹਿਰੀ ਸਪਲਾਈ ਤੋਂ ਸੱਖਣੇ ਲੋਕ ਦਫ਼ਤਰ ਅੱਗੇ ਰੋਸ ਧਰਨਾ ਦਿੰਦੇ ਹੋਏ।

ਨੰਬਰ : 18 ਮੋਗਾ 9 ਪੀ

ਬਲਵਿੰਦਰ ਸਮਰਾ, ਬਿਲਾਸਪੁਰ : ਸਰਕਾਰ ਵਲੋਂ ਬੇਸ਼ੱਕ ਬਿਜਲੀ ਦੀ ਪਿੰਡ ਨੂੰ ਸ਼ਹਿਰੀ ਸਪਲਾਈ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਹਾਲੇ ਦੀ ਵੱਡੀ ਗਿਣਤੀ ਵਿੱਚ ਲੋਕ ਸ਼ਹਿਰੀ ਬਿਜਲੀ ਸਪਲਾਈ ਤੋਂ ਸੱਖਣੇ ਹਨ, ਜਿਸਦੀ ਇੱਕ ਉਦਾਹਰਣ ਸਬ ਡਵੀਜਨ ਬਿਲਾਸਪੁਰ ਅਧੀਨ ਪੈਂਦੇ ਪਿੰਡ ਹਿੰਮਤਪੁਰਾ ਦੀ ਹੈ। ਜਿੱਥੇ ਕਰੀਬ 30-35 ਘਰਾਂ ਦੀ ਬਸਤੀ ਨੂੰ ਸ਼ਹਿਰੀ ਸਪਲਾਈ ਸਿੰਗਲ ਫੇਸ ਦੇ ਕੇ ਡੰਗ ਟਪਾਇਆ ਹੋਇਆ ਹੈ। ਸਿੰਗਲ ਫੇਸ ਹੋਣ ਕਰਕੇ ਸਹੀ ਵੋਲਟੇਜ ਵੀ ਘਰਾਂ ਤਕ ਨਹੀਂ ਪਹੁੰਚਦੀ। ਇਹਨਾਂ ਪੀੜਤ ਲੋਕਾਂ ਵੱਲੋਂ ਵਾਰ ਵਾਰ ਦਫਤਰ ਬਿਲਾਸਪੁਰ ਬੇਨਤੀ ਕਰਨ 'ਤੇ ਵੀ ਵਿਭਾਗ 'ਤੇ ਕੋਈ ਅਸਰ ਨਹੀਂ ਹੋਇਆ। ਸਮਾਂ ਬੀਤਣ 'ਤੇ ਅੱਕੇ ਲੋਕਾਂ ਵੱਲੋਂ ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫਤਰ ਬਿਲਾਸਪੁਰ ਵਿਖੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਇਕਾਈ ਮਜਦੂਰ ਯੂਨੀਅਨ ਅਤੇ ਪੀੜਤ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਿੰਡ ਬਿਲਾਸਪੁਰ ਵਿਖੇ ਮਹਿਕਮੇ ਦਾ ਦਫਤਰ ਅਤੇ ਸਬ ਸਟੇਸ਼ਨ ਹੋਣ ਦੇ ਬਾਵਜੂਦ ਨਿਰਵਿਘਨ ਸ਼ਹਿਰੀ ਸਪਲਾਈ ਦੀ ਵੱਡੀ ਸਮੱਸਿਆ ਹੈ। ਸਬ ਸਟੇਸ਼ਨ ਬਿਲਾਸਪੁਰ ਦੇ ਰਿਕਾਰਡ ਅਨਸਾਰ ਸਾਰੇ ਫੀਡਰਾਂ ਤੋਂ ਵੱਧ ਫਲਟ ਸ਼ਹਿਰੀ ਫੀਡਰ ਬਿਲਾਸਪੁਰ ਦੀ ਸਪਲਾਈ ਦੀ ਦਿੱਕਤ ਹੈ, ਜੋ ਫਾਲਟ ਪੈਣ ਕਰਕੇ ਟਰਿੱਪ ਕਰਦਾ ਰਹਿੰਦਾ ਹੈ, ਜਿਸ ਕਰਕੇ ਲੋਕਾਂ ਵਿੱਚ ਰੋਸ ਹੋਣਾ ਆਮ ਗੱਲ ਹੈ।

ਇਸ ਸਮੇਂ ਪ੍ਰਧਾਨ ਮਜਦੂਰ ਯੁੂਨੀਅਨ ਇਕਾਈ ਦਰਸ਼ਨ ਸਿੰਘ ਹਿੰਮਤਪੁਰਾ, ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ, ਕਰਮ ਸਿੰਘ ਆਗੂ ਨੌਜਵਾਨ ਸਭਾ, ਬਲਾਕ ਆਗੂ ਹਰਬੰਸ ਸਿੰਘ ਮੱਦਾ ਆਦਿ ਨੇ ਸੰਬੋਧਨ ਕੀਤਾ। ਇਸ ਸਮੇਂ ਵਾਈਸ ਪ੍ਰਧਾਨ ਕਾਕਾ ਸਿੰਘ ਮਾਛੀਕੇ, ਗੁਰਨਾਮ ਸਿੰਘ ਮਾਛੀਕੇ, ਇਕਾਈ ਪ੍ਰਧਾਨ ਸੁਖਵਿੰਦਰ ਸਿੰਘ ਮਾਣਾ, ਗੁਰਮੁੱਖ ਸਿੰਘ ਹਿੰਮਤਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

ਇਸ ਸਬੰਧੀ ਜਦੋਂ ਸਬ ਡਵੀਜਨ ਅਫਸਰ ਇੰਦਰਜੀਤ ਸਿੰਘ ਨਾਲ ਫੋਨ ਉਪਰ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਮੱਸਿਆ ਸਾਡੇ ਧਿਆਨ ਵਿੱਚ ਹੈ ਜਿਸ ਸਬੰਧੀ ਲੋੜੀਦੀ ਕਾਰਵਾਈ ਲਈ ਉਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਸ਼ਹਿਰੀ ਸਪਲਾਈ ਦੇ ਨਵੀਨੀਕਰਨ ਅਤੇ ਸੁਧਾਰ ਲਈ ਨੌਨ ਏ.ਪੀ. ਡੀ.ਆਰ.ਪੀ. ਵਿੰਗ ਲੁਧਿਆਣਾ ਵੱਲੋਂ ਕੰਮ ਚੱਲ ਰਿਹਾ ਹੈ ਜਿਸ ਅਧੀਨ ਇਹ ਕੰਮ ਕੀਤਾ ਜਾਣਾ ਹੈ ਪਰ ਪਿਛਲੇ ਸਮੇਂ ਚੋਣ ਜਾਬਤਾ ਲਾਗੂ ਹੋਣ ਕਰਕੇ ਇਹ ਕੰਮ ਰੋਕਿਆ ਗਿਆ ਸੀ ਜਿਸਨੂੰ ਚਾਲੂ ਕਰ ਦਿੱਤਾ ਗਿਆ ਹੈ। ਜਲਦੀ ਵੀ ਲੋਕਾਂ ਦੀ ਮੰਗ ਅਨੁਸਾਰ ਮਹਿਕਮੇ ਦੀਆਂ ਹਦਾਇਤਾਂ ਅਧੀਨ ਢੁਕਵਾਂ ਹੱਲ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਹਾਮਣਾ ਨਾ ਕਰਨੇ ਪਏ।