ਸਤਿਅਨ ਓਝਾ, ਮੋਗਾ : ਸੂਫੀ ਸ਼ੈਲੀ ਦੇ ਪ੍ਰਸਿੱਧ ਗਾਇਕ ਪਾਕਿਸਤਾਨੀ ਕੱਵਾਲ ਨੁਸਰਤ ਫਤਿਹ ਅਲੀ ਖਾਨ ਦੀ ਕਬਰ ਦੀ ਮਿੱਟੀ ਲੈਣ ਲਈ ਗਾਇਕ ਮੋਗਾ ਆਉਂਦੇ ਹਨ। ਇਸ ਮਿੱਟੀ ਨੂੰ ਗੁਰੂਆਂ ਦਾ ਆਸ਼ੀਰਵਾਦ ਸਮਝ ਕੇ ਗਾਇਕ ਆਪਣੇ ਕੋਲ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਰੱਖਦੇ ਹਨ। ਮਸ਼ਹੂਰ ਗਾਇਕ ਲਖਵਿੰਦਰ ਵਡਾਲੀ ਅਤੇ ਫਿਰੋਜ਼ ਖਾਨ ਵੀ ਨੁਸਰਤ ਦੀ ਮਿੱਟੀ ਲੈਣ ਮੰਗਲਵਾਰ ਨੂੰ ਮੋਗਾ ਦੇ ਗੁਰਦੁਆਰਾ ਜੋਹੜ ਸਾਹਿਬ ਕੋਲ ਰਹਿਣ ਵਾਲੇ ਸੋਨੂੰ ਨੁਸਰਤ ਦੇ ਘਰ ਪਹੁੰਚੇ। ਉਥੋਂ ਉਨ੍ਹਾਂ ਨੇ ਸੋਨੂੰ ਤੋਂ ਮਿੱਟੀ ਲਈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦ ਪ੍ਰਸਿੱਧ ਗਾਇਕ ਸੋਨੂੰ ਦੇ ਘਰ ਆਏ ਹਨ ਨੁਸਰਤ ਫਤਿਹ ਅਲੀ ਖਾਨ ਦੀ ਕਬਰ ਦੀ ਮਿੱਟੀ ਲੈਣ। ਸੂਫੀ ਗਾਇਕ ਮਾਸਟਰ ਸਲੀਮ, ਨੂਰਾਂ ਸਿਸਟਰਜ਼ ਵੀ ਇਹ ਮਿੱਟੀ ਲਿਜਾ ਚੁੱਕੀਆਂ ਹਨ।

ਦਿਲ ਦੀ ਧੜਕਣ ਹੈ ਗੁਰੂਆਂ ਦਾ ਆਸ਼ੀਰਵਾਦ

ਗਾਇਕ ਲਖਵਿੰਦਰ ਵਡਾਲੀ ਨੇ ਕਿਹਾ ਕਿ ਨੁਸਰਤ ਫਤਿਹ ਅਲੀ ਖਾਨ ਵਰਗੇ ਸੰਗੀਤਕਾਰ ਦੀ ਮਿੱਟੀ ਨੂੰ ਆਪਣੇ ਨਾਲ ਰੱਖਣਾ ਸਨਮਾਨ ਦੀ ਗੱਲ ਹੈ। ਇਹ ਮਿੱਟੀ ਹਮੇਸ਼ਾ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਕਰਨ ਲਈ ਪ੍ਰਰੇਰਦੀ ਰਹੇਗੀ। ਸੰਗੀਤ ਗੁਰੂਆਂ ਪ੍ਰਤੀ ਇਹ ਸਨਮਾਨ ਭਾਵ ਹੈ। ਗੁਰੂਆਂ ਦਾ ਆਸ਼ੀਰਵਾਦ ਹੀ ਕਲਾਕਾਰ ਦੇ ਦਿਲ ਦੀ ਧੜਕਣ ਹੰੁਦਾ ਹੈ।

ਪਾਕਿਸਤਾਨ ਦੇ ਫੈਸਲਾਬਾਦ ਵਿਚ ਹੈ ਕਬਰ

ਨੁਸਰਤ ਫਤਿਹ ਅਲੀ ਖਾਨ ਦੀ ਕਬਰ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿਚ ਹੈ। ਉਨ੍ਹਾਂ ਦੀ ਕਬਰ 'ਤੇ ਹੁਣ ਟਾਈਲਾਂ ਲੱਗ ਚੁੱਕੀਆਂ ਹਨ। ਸੋਨੂੰ ਰਾਵਲ ਉਰਫ ਨੁਸਰਤ ਦਾ ਕਹਿਣਾ ਹੈ ਉਨ੍ਹਾਂ ਦੀ ਕਬਰ ਦੀ ਮਿੱਟੀ ਨੂੰ ਉਹ ਆਪਣੇ ਨਾਲ ਆਸ਼ੀਰਵਾਰ ਦੇ ਰੂਪ ਵਿਚ ਰੱਖਦੇ ਹਨ। ਉਨ੍ਹਾਂ ਨੂੰ ਇਹ ਮਿੱਟੀ 15 ਸਾਲ ਪਹਿਲਾਂ ਭਾਰਤ ਆਏ ਉਸਤਾਦ ਨੁਸਰਤ ਫ਼ਤਿਹ ਅਲੀ ਖਾਨ ਦੇ ਭਾਣਜੇ ਰਿਜਵਾਨ ਉੱਜਮਾ ਅਲੀ ਖਾਨ ਨੇ ਸੌਂਪੀ ਸੀ। ਉਦੋਂ ਤੋਂ ਉਨ੍ਹਾਂ ਨੇ ਇਹ ਮਿੱਟੀ ਸੰਭਾਲ ਕੇ ਰੱਖੀ ਹੋਈ ਹੈ। ਜਦੋਂ ਵੀ ਗਾਇਕ ਆਉਂਦੇ ਹਨ ਤਾਂ ਉਸ ਇਸ ਮਿੱਟੀ ਦਾ ਕੁਝ ਹਿੱਸਾ ਉਨ੍ਹਾਂ ਨੂੰ ਸਨਮਾਨ ਦੇ ਰੂਪ ਵਿਚ ਸੌਂਪ ਦਿੰਦਾ ਹੈ।

ਨੁਸਰਤ ਦੇ ਪਹਿਲੇ ਤੋਂ ਆਖਰੀ ਗਾਣੇ ਦਾ ਰਿਕਾਰਡ ਹੈ ਸੋਨੂੰ ਕੋਲ

ਸੋਨੂੰ ਨੁਸਰਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੀ ਗਾਇਕੀ ਦੇ ਬਚਪਨ ਤੋਂ ਸ਼ੌਕੀਨ ਹੈ। ਉਸ ਕੋਲ ਨੁਸਰਤ ਫਤਿਹ ਅਲੀ ਖਾਨ ਦੇ ਪਹਿਲੇ ਤੋਂ ਆਖਰੀ ਗਾਣੇ ਤਕ ਦਾ ਪੂਰਾ ਰਿਕਾਰਡ ਹੈ। ਨੁਸਰਤ ਦੇ ਜੀਵਨ ਨਾਲ ਜੁੜੇ ਕਈ ਦਿਲਚਸਪ ਕਿੱਸਿਆਂ ਦਾ ਇਤਿਹਾਸ ਵੀ ਸੋਨੂੰ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਸੋਨੂੰ ਦੀ ਨੁਸਰਤ ਪ੍ਰਤੀ ਇਹ ਦੀਵਾਨਗੀ ਹੀ ਉਸ ਨੂੰ ਨੁਸਰਤ ਦੇ ਪਰਿਵਾਰ ਕੋਲ ਲੈ ਗਈ।