ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : 27 ਫਰਵਰੀ 2014 ਨੂੰ ਮੰਡੀ ਨਿਹਾਲ ਸਿੰਘ ਵਾਲਾ ਅਤੇ ਬੱਧਨੀ ਕਲਾਂ ਵਿਖੇ ਉਸ ਸਮੇਂ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਤੋਂ ਮਹਿਜ ਕੁੱਝ ਸਮਾਂ ਪਹਿਲਾਂ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਅਤੇ ਕਸਬਾ ਬੱਧਨੀ ਕਲਾਂ ਵਿਚ ਸੀਵਰੇਜ ਅਤੇ ਸੀਵੇਜ ਟਰੀਟਮੈਂਟ ਪਲਾਂਟ ਦੇ ਨੀਂਹ ਪੱਥਰ ਰਖੇ ਸਨ ਜੋ ਸਿਰਫ ਨੀਂਹ ਪੱਥਰ ਹੀ ਬਣ ਕੇ ਰਹਿ ਗਏ। ਸੁੱਕਰਵਾਰ ਨੂੰ ਪੰਜਾਬੀ ਜਾਗਰਣ ਨੇ ਇਕੱਤਰ ਕੀਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਇਨ੍ਹਾਂ ਕਸਬਿਆਂ ਵਿਚ ਕੋਈ ਅਜਿਹਾ ਟਰੀਟਮੈਂਟ ਪਲਾਂਟ ਸ਼ੁਰੂ ਹੀ ਨਹੀਂ ਹੋਇਆ।

9 ਵਰ੍ਹਿਆਂ ਬਾਅਦ ਵੀ ਨਸੀਬ ਨਹੀਂ ਹੋਈ ਸ਼ਹਿਰ ਵਾਸੀਆਂ ਨੂੰ ਇਹ ਸਹੂੁਲਤ : ਬੈਂਸ

ਮੰਡੀ ਨਿਹਾਲ ਸਿੰਘ ਵਾਲਾ ਦੇ ਕਾਰੋਬਾਰੀ ਜਗਵੰਤ ਸਿੰਘ ਬੈਂਸ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਤੇ ਸਿਆਸੀ ਲੋਕ ਆਪਣੀ ਕੁਰਸੀ ਲਈ ਹਰ ਹੀਲਾ ਵਰਤਦੇ ਹਨ। ਇਸੇ ਤਰ੍ਹਾਂ 9 ਵਰ੍ਹੇ ਪਹਿਲਾਂ ਮੰਡੀ ਵਾਸੀਆਂ ਦੀ ਮੰਗ ਤੇ ਸ਼ਹਿਰ ਵਿਚ ਆ ਰਹੀ ਸਮੱਸਿਆ ਬਾਰਿਸ਼ ਦੇ ਪਾਣੀ ਨੂੰ ਲੈ ਕੇ ਸੀਵਰੇਜ ਅਤੇ ਸੀਵੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਸਮੇਂ ਦੀ ਅਕਾਲੀ ਸਰਕਾਰ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ। ਇਸ ਨੀਂਹ ਪੱਥਰ ਤੋਂ ਦੂਜੇ ਦਿਨ ਹੀ ਲੋਕ ਸਭਾ ਚੋਣਾਂ ਹੋਣ ਕਰਕੇ ਚੋਣ ਜਾਬਤਾ ਲਗਾ ਦਿੱਤਾ ਗਿਆ। 9 ਸਾਲਾਂ ਬਆਦ ਵੀ ਇਸ ਨੀਂਹ ਪੱਥਰ ਵੱਲ ਕਿਸੇ ਵੀ ਸਰਕਾਰ ਨੇ ਮੁੜ ਨਹੀਂ ਦੇਖਿਆ ਤੇ ਇਹ ਨੀਂਹ ਪੱਥਰ ਚਿੱਟਾ ਹਾਥੀ ਬਣ ਆਪਣੀ ਹੋਂਦ ਗੁਆ ਚੁੱਕਾ ਹੈ। ਇਸੇ ਤਰ੍ਹਾਂ ਕਸਬਾ ਬੱਧਨੀ ਕਲਾਂ ਵਿਚ ਵੀ ਇਕ ਨੀਂਹ ਪੱਥਰ ਰੱਖਿਆ ਗਿਆ ਸੀ ਉਹ ਵੀ ਆਪਣੇ ਆਪ ਨੂੰ ਕੋਸ ਰਿਹਾ ਹੈ।

ਸਰਕਾਰਾਂ ਬਦਲੀਆਂ ਪਰ ਨਹੀਂ ਲਈ ਕਿਸੇ ਨੇ ਸਾਰ

ਸਮੇਂ ਦੀਆਂ ਸਰਕਾਰਾਂ ਬਦਲੀਆਂ ਰਹੀਆਂ ਪਰ ਲੋਕਾਂ ਦੀ ਸਾਲ ਲੈਣ ਲਈ ਕੋਈ ਨਹੀਂ ਪਹੁੰਚਿਆਂ। ਕਸਬਾ ਵਾਸੀਆਂ ਲਈ ਬਣੀ ਇਸ ਵੱਡੀ ਸਮੱਸਿਆ ਤੋਂ ਕਦੋਂ ਨਿਤਾਜ ਮਿਲੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਸਿਤਮ ਦੀ ਗੱਲ ਇਹ ਹੈ ਕਿ ਵੋਟਾਂ ਦਾ ਸਮਾਂ ਸਿਰ ਤੇ ਹੋਣ ਕਰਕੇ ਅਜਿਹੇ ਲੋਕ ਮੁੱਦੇ ਗਾਇਬ ਹਨ।

Posted By: Jagjit Singh