ਵਕੀਲ ਮਹਿਰੋਂ, ਮੋਗਾ : ਸ਼ਹਿਰ ਦੀ ਅਹਿਮ ਵਿਦਿਅਕ ਸੰਸਥਾ ਮਿਲੇਨੀਅਮ ਵਰਲਡ ਸਕੂਲ ਵਿਚ ਬੇਟੀ ਬਚਾਓ-ਬੇਟੀ ਪੜ੍ਹਾਓ ਵਿਸ਼ੇ 'ਤੇ ਵਿਸ਼ਾਲ ਸਮਾਗਮ ਕਰਵਾਇਆ ਗਿਆ। ਸਮਾਗਮ ਸ਼ੁਰੂਆਤ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ਮੈਡਮ ਸੀਮਾ ਸ਼ਰਮਾ, ਮਿਲੇਨੀਅਮ ਵਰਲਡ ਸਕੂਲ ਮੈਂਬਰ ਰਤਨਾ ਧਰ, ਹੁਕਮ ਸਿੰਘ ਤੇ ਪਿ੍ਰੰਸੀਪਲ ਸੂਜੀ.ਕੇ.ਵੀ ਨੇ ਸਾਂਝੇ ਤੌਰ 'ਤੇ ਜਯੋਤੀ ਜਗਾ ਕੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਚੇਅਰਮੈਨ ਵਾਸੂ ਸ਼ਰਮਾ ਨੇ ਕਿਹਾ ਕਿ ਬੇਟੀਆਂ ਦੇ ਅਨੁਪਾਤ ਦਰ ਵਿਚ ਸੁਧਾਰ ਲਿਆਉਣ ਲਈ ਆਮ ਲੋਕਾਂ ਨੂੰ ਲੜਕੇ ਅਤੇ ਲੜਕੀ ਵਿਚ ਕੋਈ ਪੱਖਪਾਤ ਨਾ ਸਮਝਦੇ ਹੋਏ ਮਾਨਸਿਕ ਸੋਚ ਵਿਚ ਤਬਦੀਲੀ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਭਰੂਨ ਹੱਤਿਆ ਦੀ ਸਮਾਜਿਕ ਬੁਰਾਈ ਸਾਡੇ ਸਮਾਜ ਨੂੰ ਦੀਮਕ ਦੀ ਤਰ੍ਹਾਂ ਖਾ ਰਹੀ ਹੈ ਅਤੇ ਇਸ ਬੁਰਾਈ ਨੂੰ ਜੜ ਤੋਂ ਖਤਮ ਕਰਨ ਲਈ ਸਾਡੇ ਸਾਂਝੇ ਸਮਾਜਿਕ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ। ਸਮਾਗਮ ਨੂੰ ਸੰਬੋਧਨ ਕਰਦੇ ਡਾਇਰੈਕਟਰ ਸੀਮਾ ਸ਼ਰਮਾ ਨੇ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕੇ ਤੋਂ ਪਿੱਛੇ ਨਹੀਂ ਹਨ। ਉਹਨਾਂ ਕਿਹਾ ਕਿ ਅੱਜ ਲੜਕੀਆਂ ਖੇਡਾਂ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹਨ। ਉਹਨਾਂ ਕਿਹਾ ਕਿ ਅੱਜ ਨਾਰੀ ਹਰ ਖੇਤਰ ਵਿੱਚ ਅੱਗੇ ਹਨ ਅਤੇ ਨਾਰੀ ਦੇ ਸਿੱਖਿਅਤ ਹੋਣ ਨਾਲ ਸਾਰਾ ਸਮਾਜ ਸਿੱਖਿਅਤ ਹੋ ਜਾਂਦਾ ਹੈ। ਨਾਰੀ ਨੇ ਅੱਜ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਤੋਂ ਪਿੱਛੇ ਨਹੀਂ ਹਨ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਬੇਟੀ ਬਚਾਓ-ਬੇਟੀ ਪੜ੍ਹਾਓ ਵਿਸ਼ੇ ਤੋ ਕੋਰਿਓਗ੍ਰਾਫੀ ਪੇਸ਼ ਕੀਤੀ। ਸਮਾਗਮ ਦੀ ਸਮਾਪਤੀ ਤੇ ਆਏ ਮੁੱਖ ਮਹਿਮਾਨਾਂ, ਸਰਪੰਚਾਂ, ਪੰਚਾਂ ਨੂੰ ਸਕੂਲ ਮੈਨੇਜਮੇਂਟ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।