ਸਟਾਫ਼ ਰਿਪੋਰਟਰ, ਬਿਲਾਸਪੁਰ : ਸਮਾਜ-ਸੇਵੀ ਕਾਰਜਾਂ ਦੀ ਲੜੀ ਤਹਿਤ ਬਿਲਾਸਪੁਰ ਲਹਿੰਦਾ ਦੇ ਸਰਪੰਚ ਬੂਟਾ ਸਿੰਘ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਅੱਠ–ਅੱਠ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਸਮੇਤ ਹੋਰ ਪਦਾਰਥਕ ਸਹਾਇਤਾ ਕੀਤੀ ਗਈ। ਦੱਸਣਯੋਗ ਹੈ ਕਿ ਇਨਾਂ੍ਹ ਦੋਵਾਂ ਕੁੜੀਆਂ ਦੇ ਪਿਤਾ ਸਵਰਗ ਸਿਧਾਰ ਚੁੱਕੇ ਹਨ ਜਿਸ ਕਾਰਨ ਪਰਿਵਾਰ ਦੀ ਆਰਥਿਕ ਸਥਿਤੀ ਦੇਖਦਿਆਂ ਸਰਪੰਚ ਬੂਟਾ ਸਿੰਘ ਨੇ ਅਜਿਹਾ ਲੋਕ ਹਿਤੈਸ਼ੀ ਫ਼ੈਸਲਾ ਲਿਆ ਹੈ। ਲੜਕੀਆਂ ਦੇ ਪਰਿਵਾਰਾਂ ਨੇ ਸਰਪੰਚ ਬੂਟਾ ਸਿੰਘ ਦੇ ਸਮਾਜ ਸੇਵੀ ਕਦਮ ਦੀ ਭਰਵੀਂ ਸ਼ਲਾਘਾ ਕਰਦਿਆਂ ਤਹਿਦਿਲੋਂ ਧੰਨਵਾਦ ਕੀਤਾ। ਸਰਪੰਚ ਬੂਟਾ ਸਿੰਘ ਨੇ ਕਿਹਾ ਕਿ ਸਾਡੇ ਸੱਭਿਆਚਾਰ ਮੁਤਾਬਕ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਲੋੜਵੰਦਾਂ ਦੀ ਮਦਦ ਕਰਨਾ ਹੀ ਸੱਚਾ ਧਰਮ ਹੈ। ਇਸ ਮੌਕੇ ਹਰਦੀਪ ਸਿੰਘ ਗੁੱਡੂ, ਹਰਦੀਪ ਸਿੰਘ ਹਿੱਪਨ, ਬੁੱਧ ਸਿੰਘ, ਸ਼ਿਸ਼ਨ ਸਿੰਘ, ਸਵਰਨ ਸਿੰਘ ਅਤੇ ਕਾਲਾ ਸਿੰਘ ਆਦਿ ਹਾਜ਼ਰ ਸਨ।