ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਬੁੱਧਵਾਰ ਨੂੰ ਪਿੰਡ ਮੋਠਾਂ ਵਾਲੀ ਵਿਚ ਸੜਕ ਬਣਾਉਣ ਦਾ ਉਦਘਾਟਨ ਕਰਨ ਤੋਂ ਬਆਦ ਉੱਥੋਂ ਦੀ ਸਰਕਾਰੀ ਡਿਸਪੈਂਸਰੀ ਦਾ ਦੌਰਾ ਕਰਨ 'ਤੇ ਪਤਾ ਲੱਗਾ ਕਿ ਮੋਠਾਂ ਵਾਲੀ ਦੇ ਸਰਪੰਚ ਹਰਨੇਕ ਸਿੰਘ ਨੇ ਉਥੇ ਕੁੱਪ ਬਣਾ ਕੇ ਕਬਜ਼ਾ ਕੀਤਾ ਹੋਇਆ ਸੀ। ਵਿਧਾਇਕਾ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸਰਪੰਚ ਨੂੰ ਅਪੀਲ ਕੀਤੀ ਸੀ ਕਿ ਇਸ ਜਗ੍ਹਾ ਨੂੰ 31 ਮਈ ਤਕ ਖਾਲੀ ਕਰ ਦਿਓ, ਨਹੀਂ ਤਾਂ ਸਰਕਾਰ ਕਾਰਵਾਈ ਕਰੇਗੀ ਜਦਕਿ ਸਰਪੰਚ, ਉਸ ਦਾ ਬੇਟਾ ਤੇ ਪਰਿਵਾਰ ਭੱਦੀ ਸ਼ਬਦਾਵਲੀ ਬੋਲਣ ਲੱਗਾ। ਇੱਥੇ ਹੀ ਬਸ ਨਹੀਂ ਸਰਪੰਚ ਦਾ ਪੁੱਤਰ ਘਰੋਂ ਡਾਂਗ ਕੱਢ ਕੇ ਹਮਲੇ ਲਈ ਅੱਗੇ ਵੱਧਣ ਲੱਗਾ ਤਾਂ ਮੌਕੇ 'ਤੇ ਹਾਜ਼ਰ ਗੰਨਮੈਨ ਤੇ ਪ੍ਰਸ਼ਾਸਨ ਨੂੰ ਦੇਖ ਕੇ ਡਾਂਗ ਵਾਪਸ ਰੱਖ ਦਿੱਤੀ।

ਵਿਧਾਇਕਾ ਡਾ. ਅਮਨਦੀਪ ਕੌਰ ਨੇ ਕਿਹਾ ਕਿ ਕਬਜ਼ਿਆਂ ਤੋਂ ਮੁਕਤ ਕਰਵਾਈਆਂ ਜਾ ਰਹੀਆਂ ਪੰਚਾਇਤੀ ਜ਼ਮੀਨਾਂ ਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਨਿਯਮਾਂ ਮੁਤਾਬਕ ਮੁੜ ਵਾਹੀ ਲਈ ਦਿੱਤਾ ਜਾਵੇਗਾ ਜਦਕਿ ਵਪਾਰਕ ਜ਼ਮੀਨਾਂ ਨੂੰ ਵਪਾਰਕ ਵਰਤੋਂ ਦੇ ਨਾਲ-ਨਾਲ ਮਾਰਕੀਟ ਆਦਿ ਬਣਾ ਕੇ ਸਰਕਾਰ ਦੀ ਆਮਦਨੀ ਵਿਚ ਵਾਧਾ ਕੀਤਾ ਜਾਵੇਗਾ।

ਇਸ ਮਾਮਲੇ ਸਬੰਧੀ ਮੌਕੇ 'ਤੇ ਪੁੱਜੇ ਡੀਐੱਸਪੀ ਜਸ਼ਨਦੀਪ ਸਿੰਘ ਨੇ ਕਿਹਾ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ। ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਕੇ ਜੋ ਵੀ ਤੱਥ ਸਾਹਮਣੇ ਆਏ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਹਾਲੇ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ। ਉਧਰ ਜਦੋਂ ਮੋਗਾ-1 ਬਲਾਕ ਦੇ ਸਰਪੰਚਾਂ ਨੂੰ ਇਸ ਘਟਨਾ ਸਬੰਧੀ ਪਤਾ ਲੱਗਾ ਤਾਂ ਉਹ ਉਕਤ ਸਰਪੰਚ ਦੇ ਹੱਕ ਥਾਣਾ ਸਦਰ ਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਇਸ ਮਾਮਲੇ ਸਬੰਧੀ ਧਰਨਾ ਲਾਉਣ ਦੀ ਵੀ ਚਿਤਾਵਨੀ ਦਿੱਤੀ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਮੀਡੀਆ 'ਤੇ ਵਾਇਰਲ ਹੋ ਗਈ।