ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਜਿੱਥੇ ਪੂਰੀ ਦੁਨੀਆਂ ਖੇਤੀ ਮਾਰੂ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਸਾਲ ਤੋਂ ਲਗਾਤਾਰ ਲੜਾਈ ਲੜ ਰਹੀ ਹੈ, ਓਥੇ ਮੋਰਚੇ ਨੇ ਫ਼ੈਸਲਾ ਕੀਤਾ ਕਿ ਜਦੋਂ ਤਕ ਇਹ ਲੜਾਈ ਜਿੱਤੀ ਨਹੀਂ ਜਾਂਦੀ ਓਦੋਂ ਤਕ ਪੰਜਾਬ ਵਿਚ ਚੋਣਾਂ ਦਾ ਮਾਹੌਲ ਨਾ ਬਣਾਇਆ ਜਾਵੇ। ਜੇ ਕੋਈ ਸਿਆਸਤਦਾਨ ਇੰਝ ਕਰਦਾ ਹੈ ਤਾਂ ਮੋਰਚਾ ਡੱਟ ਕੇ ਵਿਰੋਧ ਕਰੇਗਾ। ਇਹ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਜਗਜੀਤ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੁਖਚੈਨ ਰਾਮਾ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਸਾਡੇ ਕਿਰਤੀ ਆਪਣੇ ਹੱਕਾਂ ਲਈ ਸ਼ਹੀਦੀਆਂ ਦੇ ਰਹੇ ਹਨ, ਉੱਥੇ ਇਹ ਅਕਾਲੀ ਦਲ ਵਰਗੀਆਂ ਸਿਆਸੀ ਪਾਰਟੀਆਂ ਦੁਬਾਰਾ ਸੱਤਾ ਹਾਸਿਲ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਇਹ ਪਾਰਟੀਆਂ ਕਿਰਤੀ ਧਿਰ ਦੇ ਲੋਕਾਂ ਦੀਆਂ ਲਾਸ਼ਾਂ ਉੱਪਰ ਦੀ ਲੰਘ ਕੇ ਆਪਣੀ ਤਾਕਤ ਦਿਖਾਉਣ ਵਿਚ ਲੱਗੀਆਂ ਹੋਈਆਂ ਹਨ ਪਰ ਅਸੀਂ ਮੋਰਚੇ ਵੱਲੋਂ ਇਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਕਲ ਨੂੰ ਹੱਥ ਮਾਰੋ ਜਿਸ ਧਰਤੀ ਦਾ ਉੱਗਿਆ ਸਾਰਾ ਜਹਾਨ ਖਾਂਦਾ ਹੈ ਤੁਸੀਂ ਉਸ ਨੂੰ ਆਪਣੇ ਹੱਥੀਂ ਜ਼ੋਰਾਵਰਾਂ ਦੇ ਗ਼ੁਲਾਮ ਕੀਤਾ ਹੈ। ਹੁਣ ਘੱਟ ਤੋਂ ਘੱਟ ਇਹ ਪ੍ਰਰਾਪਤੀ ਦੀ ਲੜਾਈ ਵਿਚ ਅੜਿੱਕਾ ਨਾ ਬਣੋ। ਜਦੋਂ ਤਕ ਇਹ ਕਿਸਾਨੀ ਘੋਲ ਜਿੱਤ ਪ੍ਰਾਪਤ ਨਹੀਂ ਕਰ ਲੈਂਦਾ, ਆਪਣੀਆਂ ਸਿਆਸੀ ਗਤੀਵਿਧੀਆਂ ਬੰਦ ਕਰਨ ਨਹੀਂ ਤਾਂ ਇਸ ਦਾ ਖ਼ਾਮਿਆਜਾ ਭੁਗਤਣਾ ਪਵੇਗਾ।

ਇਸ ਮੌਕੇ ਗੁਰਦਿੱਤ ਦੀਨਾ, ਮਹਿੰਦਰ ਧੂੜਕੋਟ, ਜਸਪਾਲ ਧੂੜਕੋਟ, ਬੂਟਾ ਰਾਊਕੇ, ਰਘਵੀਰ ਰਣਸ਼ੀਹ, ਰਵਿੰਦਰ ਪੱਪੂ, ਕੁਲਵੰਤ ਰਾਊਕੇ, ਮਹਿੰਦਰ ਰਣਸੀਂਹ, ਜਗਸੀਰ ਧੂੜਕੋਟ, ਹਰਮੰਦਰ ਭਾਗੀਕੇ, ਹਾਕਮ ਸਿੰਘ, ਬਿੰਦਰ ਸਿੰਘ, ਲਛਮਣ (ਨੀਟੂ), ਸੁਖਦੇਵ ਸਿੰਘ, ਕਰਮ ਸਿੰਘ ਆਦਿ ਅਨੇਕਾਂ ਸਾਥੀਆਂ ਨੇ ਵਿਰੋਧ ਕੀਤਾ।