ਰਾਇਲ ਕੌਨਵੈਂਟ ਸਕੂਲ ਨੇ ਸੋਨ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਰੋਡ ਸ਼ੋਅ ਰਾਹੀਂ ਕੀਤਾ ਸ਼ਾਨਦਾਰ ਸਵਾਗਤ
ਸਥਾਨਕ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ
Publish Date: Tue, 02 Dec 2025 03:58 PM (IST)
Updated Date: Tue, 02 Dec 2025 04:02 PM (IST)

ਸਟਾਫ ਰਿਪੋਰਟਰ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸਥਾਨਕ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਰਾਇਲ ਕੌਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਨੇ ਆਪਣੇ ਨੈਸ਼ਨਲ ਚੈਂਪੀਅਨ ਤ੍ਰਿਪਤਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦਾ ਨਿਹਾਲ ਸਿੰਘ ਵਾਲਾ ਤੋਂ ਬਿਲਾਸਪੁਰ ਤੱਕ ਰੋਡ ਸ਼ੋ ਰਾਹੀਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿਛਲੇ ਦਿਨੀ ਭਵਾਨੀ ਹਰਿਆਣਾ ਵਿਖੇ ਹੋਈਆਂ ਨੈਸ਼ਨਲ ਸਕੂਲ ਖੇਡਾਂ ‘ਚ ਤ੍ਰਿਪਤਦੀਪ ਸਿੰਘ ਅੰਡਰ-19 ਨੇ ਆਪਣੀ ਮਿਹਨਤ ਦਾ ਲੋਹਾ ਮਨਵਾਉਂਦਿਆਂ ਗੋਲਾ ਸੁੱਟਣ ਮੁਕਾਬਲੇ ‘ਚ 19.93 ਮੀ. ਨਾਲ ਨੈਸ਼ਨਲ ਰਿਕਾਰਡ ਬਣਾ ਕੇ ਸੋਨ ਤਗਮਾ ਹਾਸਲ ਕੀਤਾ। ਇਥੇ ਜਿਕਰਯੋਗ ਹੈ ਕਿ ਵਿਦਿਅਕ ਵਰ੍ਹੇ 2024-2025 ਦੌਰਾਨ ਅੰਮ੍ਰਿਤਪਾਲ ਸਿੰਘ ਅੰਡਰ-17 ਨੇ 7:12 ਮੀ. ਲੰਬੀ ਛਲ ਲਗਾ ਕੇ ਨੈਸ਼ਨਲ ਰਿਕਾਰਡ ਆਪਣੇ ਨਾਂ ਕੀਤਾ ਸੀ। ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਸੋਨਿਕਾ ਵਾਲੀਆਂ, ਵਾਈਸ ਚੇਅਰਮੈਨ ਨਿਖਿਲ ਵਾਲੀਆ, ਐੱਚਆਰ ਮੈਨੇਜਰ ਨਿਧੀ ਵਾਲੀਆ, ਪ੍ਰਿੰਸੀਪਲ ਭਰਤ ਕਾਲੀਆ ਅਤੇ ਵਾਈਸ ਪ੍ਰਿੰਸੀਪਲ ਰੇਖਾ ਭੰਡਾਰੀ ਨੇ ਜਿੱਤ ਕੇ ਸਕੂਲ ਪਹੁੰਚੇ ਖਿਡਾਰੀਆਂ ਦਾ ਬੜੀ ਧੂਮਧਾਮ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਦੇਸੀ ਘਿਓ ਦੇ ਡੱਬੇ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਤੇ ਮਾਨ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਨਾਲ ਨਾ ਕੇਵਲ ਸਕੂਲ ਦਾ ਸਗੋਂ ਆਪਣੀ ਮਾਪਿਆਂ ਤੇ ਸਮੁੱਚੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।