ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਮਾਲਵਾ ਖਿੱਤੇ ਦੇ ਪਿੰਡ ਘੋਲੀਆਂ ਖੁਰਦ ਦਾ ਨੌਜਵਾਨ ਕਿਸਾਨ ਕੁਝ ਸਮਾਂ ਪਹਿਲਾਂ ਦੁਬਈ ਦੇ ਅਰਮਾਨੀਆ ਸ਼ਹਿਰ ਵਿਚ ਗਿਆ ਸੀ। ਉਸ ਨੂੰ ਵਿਦੇਸ਼ੀ ਧਰਤੀ ’ਤੇ ਪੁੱਜ ਕੇ ਕੰਮ ਕਰਨਾ ਚੰਗਾ ਨਾ ਲੱਗਿਆ ਤੇ ਉਸ ਵਾਪਿਸ ਪਰਤ ਕੇ ਆਪਣੀ ਉਪਜਾਊ ਜ਼ਮੀਨ ’ਤੇ ਝਾੜ ਕਰੇਲਿਆਂ ਦੀ ਖੇਤੀ ਸ਼ੁਰੂ ਕਰ ਦਿੱਤੀ ਸੀ। ਹੁਣ ਉਹ ਕਾਮਯਾਬੀ ਵੱਲ ਵੱਧਦਾ ਜਾ ਰਿਹਾ ਹੈ।

2006 ਵਿਚ ਕੀਤੀ ਝਾੜ ਕਰੇਲਿਆਂ ਦੀ ਸਬਜ਼ੀ ਸ਼ੁਰੂ

‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 2006 ਵਿਚ ਦੋ ਕਨਾਲਾਂ ਤੋਂ ਝਾੜ ਕਰੇਲਿਆਂ ਦੀ ਖੇਤੀ ਸ਼ੁਰੂ ਕੀਤੀ। ਹੁਣ ਉਸ ਨੇ 2 ਏਕੜ ਵਿਚ ਕਰੇਲੇ ਲਾਏ ਹਨ ਤੇ ਮੁਨਾਫਾ ਲੈ ਰਿਹਾ ਹੈ। ਕਿਸਾਨ ਦੱਸਦਾ ਹੈ ਕਿ ਇਹ ਸਬਜ਼ੀ ਬੀਜਣ ਦਾ ਸਹੀ ਸਮਾਂ ਫਰਵਰੀ ਦਾ ਅਖ਼ੀਰ ਅਤੇ ਮਾਰਚ ਦੇ ਪਹਿਲੇ ਹਫ਼ਤੇ ਵਿਚ ਹੈ। ਇਹ ਫ਼ਸਲ 65 ਤੋਂ 70 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਤੇ ਇਸ ਨੂੰ ਲਾਉਣ ਵਿਚ ਪਹਿਲਾਂ ਤਾਂ ਪ੍ਰਤੀ ਏਕੜ ਇਕ ਲੱਖ ਰੁਪਏ ਦਾ ਖ਼ਰਚਾ ਆਉਂਦਾ ਹੈ। ਕਰੇਲੇ ਜ਼ਿਆਦਾਤਰ ਅਚਾਰ ਲਈ ਵਰਤੇ ਜਾਂਦੇ ਹਨ ਤੇ ਸ਼ੂਗਰ ਦੇ ਮਰੀਜ਼ਾਂ ਲਈ ਇਹ ਅਚਾਰ ਲਾਹੇਵੰਦਾ ਹੁੰਦਾ ਹੈ। ਉਹਦੇ ਕੋਲ ਫੈਕਟਰੀਆਂ ਵਾਲੇ ਖੁਦ ਆਚਾਰ ਲਈ ਕਰੇਲੇ ਲੈ ਕੇ ਜਾਂਦੇ ਹਨ ਤੇ ਚੰਗਾ ਮੁਨਾਫਾ ਹੋ ਜਾਂਦਾ ਹੈ।

ਮੰਡੀਕਰਨ ਦਾ ਨਹੀਂ ਕੋਈ ਮਸਲਾ

ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਇਸ ਸਬਜ਼ੀ ਦੇ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਹੈੈ। ਪਿਛਲੇ ਵਰ੍ਹੇ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਵਿਚ ਥੋੜ੍ਹੀ ਸਮੱਸਿਆ ਜ਼ਰੂਰ ਪੇਸ਼ ਆਈ ਸੀ ਅਤੇ ਭਾਅ ਵਿਚ ਗਿਰਾਵਟ ਆਈ ਸੀ। ਸੋਨੇ ਵਰਗੀ ਸਬਜ਼ੀ ਇਸ ਸਮੇਂ 4 ਹਜ਼ਾਰ ਰੁਪਏ ਕੁਇੰਟਲ ਵਿਕ ਰਹੀ ਹੈ। ਇਸ ਸਬਜ਼ੀ ਨੂੰ ਅਚਾਰ ਲਈ ਖੁਦ ਫੈਕਟਰੀਆਂ ਵਾਲੇ ਲੈ ਕੇ ਜਾਂਦੇ ਹਨ।

ਕਰੇਲਿਆਂ ਦੇ ਨਾਲ ਹੀ ਗੋਭੀ ਤੇ ਪਿਆਜ਼ ਦੀ ਨਰਸਰੀ ਸ਼ੁਰੂ

ਘੋਲੀਆ ਖੁਰਦ ਦਾ ਨੌਜਵਾਨ ਕਿਸਾਨ ਕਰੇਲਿਆਂ ਦੀ ਸਬਜ਼ੀ ਦੇ ਨਾਲ ਨਾਲ ਗੋਭੀ ਤੇ ਪਿਆਜ਼ ਦੀ ਨਰਸਰੀ ਤਿਆਰ ਕਰ ਰਿਹਾ ਹੈ। ਇਸ ਨਰਸਰੀ ਜ਼ਰੀਏ ਅਨੇਕ ਕਿਸਾਨ ਇੱਥੋਂ ਗੋਭੀ ਤੇ ਪਿਆਜ਼ ਲੈ ਕੇ ਜਾਂਦੇ ਹਨ।

Posted By: Jatinder Singh