ਵਕੀਲ ਮਹਿਰੋਂ, ਮੋਗਾ : ਮੋਗਾ ਦੀ ਨਵੀਂ ਦਾਣਾ ਮੰਡੀ ਵਿਖੇ 26 ਜਨਵਰੀ ਨੂੰ ਆਯੋਜਿਤ ਹੋਣ ਵਾਲੇ ਜ਼ਿਲ੍ਹਾਂ ਪੱਧਰੀ ਗਣਤੰਤਰ ਦਿਵਸ ਦੇ ਸਮਾਗਮ ਵਿਚ ਦਿ ਲਰਨਿੰਗ ਫੀਲਡ ਏ ਗਲੋਬਲ (ਟੀ.ਐਲ.ਐਫ) ਦਾ ਬੈਗ ਪਾਈਪਰ ਬੈਂਡ ਆਕਰਸ਼ਣ ਦਾ ਕੇਂਦਰ ਰਹੇਗਾ। ਸਕੂਲ ਪਿ੍ਰੰਸੀਪਲ ਸੁਨੀਤਾ ਬਾਬੂ ਨੇ ਦੱਸਿਆ ਕਿ ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਜੋਰ ਸ਼ੋਰ ਨਾਲ ਮੁਕੰਮਲ ਤਿਆਰੀਆਂ ਕਰ ਲਈ ਗਈ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਬੈਗ ਪਾਈਪਰ ਬੈਂਡ ਦੇ ਵਿਦਿਆਰਥੀ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਟਰਾਂਸਪੋਰਟ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਕੈਬਿਨਟ ਮੰਤਰੀ ਰਜੀਆ ਸੁਲਤਾਨਾ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ.ਐਸ.ਪੀ ਹਰਮਨਵੀਰ ਸਿੰਘ ਗਿੱਲ ਤੇ ਹੋਰਨਾਂ ਅਧਿਕਾਰੀਆਂ ਨੂੰ ਮਾਰਚ ਪਾਸਟ ਕਰਦੇ ਹੋਏ ਸਮਾਗਮ ਸਥਲ ਤੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਫਾਈਨਲ ਰਿਹਰਸਲ ਵਿਚ ਹਿੱਸਾ ਲੈ ਕੇ ਦੇਸ਼ ਭਗਤੀ ਦਾ ਜ਼ਜ਼ਬਾ ਵੇਖਿਆ ਗਿਆ। ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ ਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਵਿਚ ਗਣਤੰਤਰ ਦਿਵਸ ਵਿਚ ਹਿੱਸਾ ਲੈਣ ਨੂੰ ਲੈ ਕੇ ਭਾਰੀ ਉਤਸ਼ਾਹ ਤੇ ਦੇਸ਼ ਭਗਤੀ ਦਾ ਜ਼ਜ਼ਬਾ ਵੇਖਿਆ ਗਿਆ। ਉਨ੍ਹਾਂ ਸਕੂਲ ਸਟਾਫ, ਵਿਦਿਆਰਥੀਆਂ ਤੇ ਦੇਸ਼ ਨਿਵਾਸੀਆ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ।