ਸਟਾਫ਼ ਰਿਪੋਰਟਰ, ਮੋਗਾ : ਪੰਜਾਬ ਵਿੱਚ ਹਰ ਸਾਲ ਧੁੰਦਾਂ ਦੇ ਮੌਸਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਸਰਬੱਤ ਦਾ ਭਲਾ ਟਰੱਸਟ ਵੱਲੋਂ ਹਰ ਸਾਲ ਆਪਣੀਆਂ ਜ਼ਿਲ੍ਹਾ ਇਕਾਈਆਂ ਰਾਹੀਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਸਮੇਤ ਹੋਰ ਸੂਬਿਆਂ ਵਿੱਚ ਰਿਫਲੈਕਟਰ ਲਗਾਓ ਮੁਹਿੰਮ ਚਲਾਈ ਜਾਂਦੀ ਹੈ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਵਾਹਨਾਂ 'ਤੇ ਉਚ ਕਵਾਲਿਟੀ ਦੇ ਰੇਡੀਅਮ ਰਿਫਲੈਕਟਰ ਲਗਾਏ ਜਾਂਦੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੀਐੱਸਪੀ ਸਿਟੀ ਕੇਸਰ ਸਿੰਘ ਵੱਲੋਂ ਮੇਨ ਚੌਕ ਮੋਗਾ ਵਿਖੇ ਸਰਬੱਤ ਦਾ ਭਲਾ ਟਰੱਸਟ ਮੋਗਾ ਦੀ ਰਿਫਲੈਕਟਰ ਲਗਾਓ ਮੁਹਿੰਮ ਦਾ ਆਗਾਜ਼ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਸੜਕ 'ਤੇ ਰਿਫਲੈਕਟਰਾਂ ਤੋਂ ਬਗੈਰ ਜਾ ਰਹੇ ਵਾਹਨਾਂ ਨੂੰ ਰੋਕ ਕੇ ਉਹਨਾਂ ਤੇ ਆਪਣੇ ਹੱਥੀਂ ਰਿਫਲੈਕਟਰ ਲਗਾਏ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਸਮੂਹ ਮੈਂਬਰਾਂ ਅਤੇ ਮੋਗਾ ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਟ੍ਰੈਫਿਕ ਪੁਲਿਸ ਦੀ ਮੱਦਦ ਨਾਲ 500 ਦੇ ਕਰੀਬ ਵਾਹਨਾਂ ਤੇ ਰਿਫਲੈਕਟਰ ਲਗਾਏ। ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਕਿਹਾ ਕਿ ਟਰੱਸਟ ਵੱਲੋਂ ਅੱਜ ਟੈਂਪੂ ਸਟੈਂਡ, ਟ੍ਰੈਕਟਰ ਟਰਾਲੀ ਯੂਨੀਅਨ ਅਤੇ ਰੇਹੜਾ ਯੂਨੀਅਨ ਵਿੱਚ ਜਾ ਕੇ ਵਾਹਨਾਂ ਤੇ ਰਿਫਲੈਕਟਰ ਲਗਾਏ ਜਾਣਗੇ। ਉਹਨਾ ਇਹ ਵੀ ਕਿਹਾ ਕਿ ਅਗਲੇ ਕੁੱਝ ਦਿਨਾਂ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਕੋਟ ਈਸੇ ਖਾਂ ਅਤੇ ਅਜੀਤਵਾਲ ਵਿਖੇ ਵੀ ਰਿਫਲੈਕਟਰ ਲਗਾਓ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਇਸ ਮੌਕੇ ਟ੍ਰੈਫਿਕ ਇੰਸਪੈਕਟਰ ਜਗਤਾਰ ਸਿੰਘ, ਸਬ ਇੰਸਪੈਕਟਰ ਹਕੀਕਤ ਸਿੰਘ, ਗੁਰਪ੍ਰੀਤ ਸਿੰਘ, ਐਨ.ਜੀ.ਓ. ਕੋਆਰਡੀਨੇਟਰ ਐਸ.ਕੇ. ਬਾਂਸਲ, ਟਰੱਸਟ ਦੇ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਕੈਸ਼ੀਅਰ ਮਹਿੰਦਰ ਪਾਲ ਲੂੰਬਾ, ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਸ਼ੋਸ਼ਲ ਵੈਲਫੇਅਰ ਕਲੱਬ ਮੋਗਾ ਦੇ ਪ੍ਰਧਾਨ ਓਮ ਪ੍ਰਕਾਸ਼, ਤਰਸੇਮ ਲਾਲ ਚੱਢਾ, ਸੁਖਦੇਵ ਸਿੰਘ ਬਰਾੜ, ਕੇਵਲ ਕਿ੍ਰਸਨ, ਜਸਵੰਤ ਸਿੰਘ ਪੁਰਾਣੇਵਾਲਾ ਸਮੇਤ ਵੱਡੀ ਗਿਣਤੀ ਵਿੱਚ ਐਨ.ਜੀ.ਓ. ਅਤੇ ਟਰੱਸਟ ਮੈਂਬਰ ਹਾਜ਼ਰ ਸਨ।