ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਸਿਵਲ ਸਰਜਨ ਮੋਗਾ ਡਾ. ਅਰਵਿੰਦਰ ਸਿੰਘ ਗਿੱਲ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਗਲਤ ਅਨਸਰਾਂ ਦੁਆਰਾ ਕੀਤੀ ਜਾ ਰਹੀ ਨਸ਼ਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਬੰਦ ਕਰਨ ਲਈ ਕਰੀਬ ਇੱਕ ਮਹੀਨਾ ਪਹਿਲਾਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੂੰ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਸੀ। ਪਿਛਲੇ ਹਫਤੇ ਮਹਿੰਦਰ ਪਾਲ ਲੂੰਬਾ ਵੱਲੋਂ ਸਿਵਲ ਸਰਜਨ ਮੋਗਾ ਨੂੰ ਸੌਂਪੀ ਗਈ ਰਿਪੋਰਟ ਅਨੁਸਾਰ ਸਿਵਲ ਹਸਪਤਾਲ ਮੋਗਾ ਵਿੱਚ ਸਵੇਰੇ 8 ਵਜੇ ਤੋਂ 10 ਵਜੇ ਦੇ ਦਰਮਿਆਨ ਕੁੱਝ ਗਲਤ ਅਨਸਰਾਂ ਵੱਲੋਂ ਨਸ਼ਿਆਂ ਦੀ ਵਿਕਰੀ ਕੀਤੀ ਜਾ ਰਹੀ ਹੈ, ਜੋ ਓ.ਐਸ.ਟੀ. ਸੈਂਟਰ ਮੋਗਾ ਵਿੱਚ ਨਸ਼ਾ ਛੱਡਣ ਦੀ ਦਵਾਈ ਲੈ ਰਹੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸ ਰਿਪੋਰਟ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਵਲ ਸਰਜਨ ਮੋਗਾ ਵੱਲੋ ਪੁਲਿਸ ਦੀ ਮੱਦਦ ਨਾਲ ਗਲਤ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢ ਦਿੱਤੀ ਗਈ ਹੈ।

ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਏਐੱਸਆਈ ਇਕਬਾਲ ਸਿੰਘ ਅਤੇ ਹੈਡ ਕਾਂਸਟੇਬਲ ਸੱਤਪਾਲ ਸਿੰਘ ਦੀ ਮੱਦਦ ਨਾਲ ਸਿਵਲ ਹਸਪਤਾਲ ਮੋਗਾ ਵਿੱਚ ਬਿਨਾਂ ਕੰਮ ਤੋਂ ਖੜ੍ਹਨ ਵਾਲੇ ਨੌਜਵਾਨਾਂ ਨੂੰ ਸਮਝਾ ਕੇ ਘਰਾਂ ਨੂੰ ਭੇਜਿਆ ਤੇ ਅੱਗੇ ਤੋਂ ਦਵਾਈ ਲੈ ਕੇ ਤੁਰੰਤ ਘਰਾਂ ਨੂੰ ਜਾਣ ਦੀ ਚੇਤਾਵਨੀ ਦਿੱਤੀ। ਇਸ ਤੋਂ ਬਾਅਦ ਟੀਮ ਨੇ ਸਿਵਲ ਹਸਪਤਾਲ ਮੋਗਾ ਦੀ ਬਣ ਰਹੀ ਬਿਲਡਿੰਗ ਵਿੱਚ ਛਾਪਾ ਮਾਰਿਆ, ਜਿੱਥੋਂ ਦੋ ਬੋਰੀਆਂ ਸਰਿੰਜਾਂ, ਸੂਈਆਂ, ਖੰਘ ਵਾਲੀਆਂ ਸ਼ੀਸ਼ੀਆਂ, ਏਵਿਲ ਦੀਆਂ ਖਾਲੀ ਸ਼ੀਸ਼ੀਆਂ, ਸਿਲਵਰ ਕੁਆਇਲ ਰੋਲ, ਚਮਚੇ ਅਤੇ ਮੋਮਬੱਤੀਆਂ ਬਰਾਮਦ ਕੀਤੀਆਂ ਗਈਆਂ। ਸਿਵਲ ਸਰਜਨ ਮੋਗਾ ਡਾ. ਅਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਿਸੇ ਨੂੰ ਵੀ ਸਿਵਲ ਹਸਪਤਾਲ ਮੋਗਾ ਦਾ ਮਾਹੌਲ ਖਰਾਬ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਤੇ ਨਸ਼ਿਆਂ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਵੱਲੋਂ ਇਸ ਸਬੰਧੀ ਓ.ਐਸ.ਟੀ. ਸੈਂਟਰ ਮੋਗਾ ਦੇ ਇੰਚਾਰਜ ਕੋਲੋਂ ਵੀ ਰਿਪੋਰਟ ਮੰਗੀ ਗਈ ਹੈ। ਇਸ ਮੌਕੇ ਏ.ਐਸ.ਆਈ. ਇਕਬਾਲ ਸਿੰਘ ਨੇ ਕਿਹਾ ਕਿ ਪੁਲਿਸ ਸਾਦੇ ਕੱਪੜਿਆਂ ਵਿੱਚ ਸਿਵਲ ਹਸਪਤਾਲ ਮੋਗਾ ਵਿੱਚ ਗਲਤ ਅਨਸਰਾਂ 'ਤੇ ਨਜ਼ਰ ਰੱਖੇਗੀ ਤੇ ਨਸ਼ੇ ਵੇਚਣ ਅਤੇ ਨਸ਼ੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਇਸ ਤੋਂ ਬਾਅਦ ਇਸ ਟੀਮ ਵੱਲੋਂ ਮੇਨ ਬਜਾਰ ਮੋਗਾ ਵਿੱਚ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਆਮ ਲੋਕਾਂ ਅਤੇ ਦੁਕਾਨਦਾਰਾਂ ਦੇ ਨੌਂ ਚਲਾਨ ਕੱਟੇ ਗਏ ਤੇ ਦੁਕਾਨਦਾਰਾਂ ਨੂੰ ਕੋਟਪਾ ਐਕਟ ਦੀਆਂ ਧਾਰਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਟੀਮ ਵਿੱਚ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ, ਬਲਵਿੰਦਰ ਸ਼ਰਮਾ, ਮਲਟੀਪਰਪਜ਼ ਹੈਲਥ ਵਰਕਰ ਕਰਮਜੀਤ ਸਿੰਘ, ਜਸਪਾਲ ਸਿੰਘ, ਏ.ਐਸ.ਆਈ. ਇਕਬਾਲ ਸਿੰਘ ਅਤੇ ਹੈਡ ਕਾਂਸਟੇਬਲ ਸੱਤਪਾਲ ਸਿੰਘ ਸ਼ਾਮਿਲ ਸਨ।