ਵਕੀਲ ਮਹਿਰੋਂ, ਮੋਗਾ : ਜ਼ਿਲ੍ਹੇ ਦੀਆਂ ਖਰੀਦ ਏਜੰਸੀਆਂ ਦੇ ਅਫ਼ਸਰਾਂ ਦੀ ਮੀਟਿੰਗ ਸਮੂਹ ਏਜੰਸੀਆਂ ਪਨਗਰੇਨ, ਮਾਰਕਫੈੱਡ, ਪਨਸਪ, ਵੇਅਰ ਹਾਊਸ ਦੀ ਤਾਲਮੇਲ ਕਮੇਟੀ, ਮਨਿਸਟ੍ਰੀਅਲ ਅਤੇ ਫੀਲਡ ਸਟਾਫ ਦੇ ਅਧਿਕਾਰੀਆਂ ਵੱਲੋਂ ਵਿਜ਼ੀਲੈਂਸ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖ਼ਿਲਾਫ਼ ਅਤੇ ਵਿਭਾਗ ਦੇ ਜ਼ਿਲ੍ਹਾ ਕੰਟਰੋਲਰ ਦੀ ਵਿਜੀਲੈਂਸ ਵੱਲੋਂ ਕੀਤੀ ਗਈ ਗਿ੍ਫ਼ਤਾਰੀ ਵਿਰੁੱਧ ਅੱਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ।

ਇਸ ਮੌਕੇ ਬੁੱਧਵਾਰ ਨੂੰ ਖੁਰਾਕ ਸਪਲਾਈਜ਼ ਅਫ਼ਸਰ ਦਲਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਮਾਰਕਫੈੱਡ ਦਫ਼ਤਰ ਮੋਗਾ ਵਿਖੇ ਸਮੂਹ ਏਜੰਸੀਆਂ ਵੱਲੋਂ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਝੋਨੇ ਦੇ ਖਰੀਦ ਸੀਜ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਵਿਜੀਲੈਂਸ ਵੱਲੋਂ ਖਰੀਦ ਏਜੰਸੀਆਂ ਦੇ ਕਿਸੇ ਵੀ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਸੀਜ਼ਨ ਸੁਚੱਜੇ ਤਰੀਕੇ ਨਾਲ ਮੁਕੰਮਲ ਹੁੰਦੇ ਸਾਰ ਹੀ ਵਿਜੀਲੈਂਸ ਵੱਲੋਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮੂਹ ਏਜੰਸੀਆਂ ਵੱਲੋਂ ਅਜਿਹੀ ਕਾਰਗੁਜ਼ਾਰੀ ਵਿਰੁੱਧ ਰੋਸ ਪ੍ਰਗਟਾਉਂਦੇ ਹੋਏ ਮੁਕੰਮਲ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੈਂਡਰਾਂ ਅਤੇ ਵਿਭਾਗ ਦੇ ਕੰਮਾਂ ਦੇ ਸਬੰਧ ਵਿਚ ਵਿਜੀਲੈਂਸ ਵਿਭਾਗ ਵੱਲੋਂ ਅਫਸਰਾਂ, ਕਰਮਚਾਰੀਆਂ ਵਿਰੁੱਧ ਦਰਜ ਕੀਤੀਆਂ ਗਈਆਂ ਬੇ-ਬੁਨਿਆਦ ਐੱਫਆਈਆਰ ਅਤੇ ਬੇ-ਬੁਨਿਆਦ ਇਨਕੁਆਰੀਆਂ ਤੁਰੰਤ ਰੱਦ ਕੀਤੀਆਂ ਜਾਣ। ਲੱਕੜ ਦੇ ਕਰੇਟਾਂ ਅਤੇ ਵਿਜੀਲੈਂਸ ਵਿਭਾਗ ਪਾਸ ਪ੍ਰਰਾਪਤ ਮਹਿਕਮੇ ਵਿਰੁੱਧ ਸ਼ਿਕਾਇਤਾਂ ਦੀ ਪੜਤਾਲ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਹੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀਂ ਦੇਰ ਸੰਘਰਸ਼ ਜਾਰੀ ਰੱਖਿਆ ਜਾਵੇਗਾ।