- ਮੋਦੀ-ਟਰੰਪ ਦੀ ਜੋੜੀ ਵੱਲੋਂ ਲਏ ਫੈਸਲੇ ਦੇਸ਼ ਨੂੰ ਲੈ ਡੁਬਣਗੇ : ਸੂਰਤ ਸਿੰਘ ਧਰਮਕੋਟ

ਕੈਪਸ਼ਨ- ਮੋਦੀ ਤੇ ਟਰੰਪ ਦੇ ਪੁਤਲੇ ਫੂਕਣ ਸਮੇਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਕਿਸਾਨ।

ਨੰਬਰ : 24 ਮੋਗਾ 10 ਪੀ

ਸਤਨਾਮ ਸਿੰਘ ਘਾਰੂ, ਧਰਮਕੋਟ : ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ 'ਤੇ ਸੋਮਵਾਰ ਨੂੰ ਧਰਮਕੋਟ ਵਿਖੇ ਕਾਮਰੇਡ ਸੂਰਤ ਸਿੰਘ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਮੋਗਾ ਦੀ ਅਗਵਾਈ ਹੇਠ ਵਿਸੇਸ਼ ਇਕੱਤਰਤਾ ਹੋਈ। ਜਿਸ ਵਿਚ ਕਿਸਾਨਾਂ ਵੱਲੋਂ ਜਿਥੇ ਸ਼ਹਿਰ ਵਿਚ ਰੋਸ ਮਾਰਚ ਕੀਤਾ, ਉਥੇ ਸਥਾਨਕ ਮੋਲੜੀ ਗੇਟ ਵਿਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਭੜਾਸ ਕੱਢੀ ਗਈ। ਉਪਰੰਤ ਕਿਸਾਨਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਫੂਕੇ ਗਏ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸੂਰਤ ਸਿੰਘ ਨੇ ਕਿਹਾ ਕਿ ਅਮਰੀਕਾ ਹਥਿਆਰਾਂ ਦਾ ਮੁਖੀ ਹੈ ਅਤੇ ਮੋਦੀ-ਟਰੰਪ ਦੀ ਜੋੜੀ ਵੱਲੋਂ ਲਏ ਗਏ ਫੈਸਲੇ ਦੇਸ਼ ਵਿਰੋਧੀ ਹਨ, ਜਿਸ ਨਾਲ ਦੇਸ਼ਾਂ ਵਿਚ ਆਪਸੀ ਫੁੱਟ ਵਧਦੀ ਹੈ, ਇਥੋਂ ਤਕ ਕੇ ਗੁਆਂਢੀ ਦੇਸ਼ਾਂ ਨਾਲ ਜੰਗ ਦੇ ਅਸਾਰ ਵੀ ਵਧ ਜਾਣਗੇ, ਜਿਸ ਨਾਲ ਜਿਥੇ ਜਵਾਨਾਂ ਦੀਆਂ ਸ਼ਹਾਦਤਾਂ ਹੋਣਗੀਆਂ, ਉਥੇ ਦੇਸ਼ ਆਰਥਿਕ ਤੌਰ 'ਤੇ ਹੋਰ ਗਿਰਾਵਟ ਵੱਲ ਜਾਵੇਗਾ।

ਉਨ੍ਹਾਂ ਕਿਹਾ ਕਿ ਮੋਦੀ-ਟਰੰਪ ਦੀ ਜੋੜੀ ਜੋ ਫੈਸਲੇ ਕਰ ਰਹੀ ਹੈ ਉਸ ਨਾਲ ਡੇਅਰੀ ਫਾਰਮਿੰਗ ਦੇ ਧੰਦੇ ਉਪਰ ਬੁਰਾ ਅਸਰ ਪਵੇਗਾ, ਕਿਸਾਨਾਂ ਦਾ ਇਹ ਸਹਾਇਕ ਧੰਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਮੋਦੀ ਵੱਲੋਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਬਜਾਏ ਐੱਸਐੱਸਪੀ ਨੂੰ ਤੋੜਨ ਜਾ ਰਿਹਾ ਹੈ ਜਿਸ ਦਾ ਕਿਸਾਨਾਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਕਾਮਰੇਡ ਸੂਰਤ ਸਿੰਘ ਨੇ ਕਿਹਾ ਕਿ ਮਹਿੰਗਾਈ ਛੜੱਪੇ ਮਾਰ ਕੇ ਵੱਧ ਰਹੀ ਹੈ, ਬੇਰੁਜਗਾਰਾਂ ਦੀ ਲਾਈਨ ਲੰਬੀ ਹੰਦੀ ਜਾ ਰਹੀ ਹੈ, ਗਰੀਬ ਅਮੀਰ ਅੰਦਰ ਪਾੜਾ ਲਗਾਤਾਰ ਵੱਧ ਰਿਹਾ ਹੈ, ਸਸਤੀ ਸਿੱਖਿਆ ਤੇ ਸਰਕਾਰੀ ਸਿਹਤ ਸਹੂਲਤਾਂ ਲੋਕਾਂ ਪਾਸੋਂ ਖੋਹੀਆਂ ਜਾ ਰਹੀਆਂ ਹਨ, ਸਿੱਖਿਆ ਤੇ ਸਰਕਾਰੀ ਸਿਹਤ ਸੇਵਾਵਾਂ ਦੇ ਢਾਂਚੇ ਨੂੰ ਹੋਲੀ ਹੋਲੀ ਖਤਮ ਕਰਕੇ ਪੂੰਜੀਪਤੀਆਂ ਦੇ ਹਵਾਲੇ ਕਰਕੇ ਇਸ ਨੂੰ ਵਪਾਰਿਕ ਧੰਦੇ 'ਚ ਤਬਦੀਲ ਕੀਤਾ ਜਾ ਰਿਹਾ ਹੈ। ਕਿਸਾਨ ਆਰਥਿਕ ਤੰਗੀ ਕਾਰਨ ਕਰਜੇ ਦੇ ਬੋਝ ਥੱਲੇ ਦਬਿਆ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਦੇਸ਼ ਵਿਰੋਧੀ ਫੈਸਲੇ ਲਏ ਗਏ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਸ਼ੇਰਪੁਰੀ, ਹਰਦਿਆਲ ਸਿੰਘ ਘਾਲੀ, ਡਾ. ਗੁਰਚਰਨ ਦਾਤੇਵਾਲ, ਰਾਜਿੰਦਰ ਰੰਡਿਆਲਾ, ਤਰਸੇਮ ਮੌਜਗੜ, ਜਗਤਾਰ ਕੈਲਾ, ਰਣਜੀਤ ਸਿੰਘ ਜਲਾਲਾਂਬਾਦ, ਉਦੈ ਬੱਡੂਵਾਲ, ਚੈਣ ਦਾਤਾ, ਗੁਰਦੀਪ ਦਾਤਾ, ਮੁਖਤਿਆਰ ਸਿੰਘ ਫਿਰੋਜਵਾਲਾ, ਗੁਰਮੀਤ ਸਿੰਘ ਧਰਮਕੋਟ, ਸੇਰ ਸਿੰਘ ਧਰਮਕੋਟ, ਨਰੰਜਣ ਸਿੰਘ, ਜੀਤ ਸਿੰਘ ਮੌਜਗੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।