ਵਕੀਲ ਮਹਿਰੋਂ, ਮੋਗਾ : ਭਾਰਤੀ ਕਿਸਾਨ ਯੂਨੀਅਨ ਕ੍ਾਂਤੀਕਾਰੀ ਵੱਲੋਂ ਅਡਾਨੀ ਦੀ ਕਣਕ ਦੀ ਭਰੀ ਰੇਲ ਰੋਕ ਕੇ ਲਾਇਆ ਦਿਨ ਰਾਤ ਦਾ ਧਰਨਾ ਵੀਰਵਾਰ ਨੂੰ 7ਵੇਂ ਦਿਨ ਵੀ ਜਾਰੀ ਰਿਹਾ। ਜ਼ਿਲ੍ਹਾ ਪ੍ਰਧਾਨ ਟਹਿਲ ਸਿੰਘ ਝੰਡੇਆਣਾ ਦੀ ਅਗਵਾਈ ਵਿਚ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਨ ਲਈ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜੀਰਾ ਵੀ ਪਹੁੰਚੇ। ਆਗੂਆਂ ਨੇ ਆਖਿਆ ਕਿ ਇਹ ਦਿਨ ਰਾਤ ਦਾ ਧਰਨਾ ਉਨ੍ਹਾਂ ਚਿਰ ਜਾਰੀ ਰਹੇਗਾ ਜਿਨ੍ਹਾਂ ਚਿਰ ਸੰਯੁਕਤ ਕਿਸਾਨ ਮੋਰਚਾ ਇਸ ਨੂੰ ਚੱਕਣ ਲਈ ਨਹੀਂ ਆਖਦਾ। ਧਰਨੇ ਵਾਲੀ ਥਾਂ 'ਤੇ ਟੈਂਟ ਲਗਾ ਕੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਕਿਸਾਨਾਂ ਮਜ਼ਦੂਰਾਂ ਦੀ ਹਾਜ਼ਰੀ ਧਰਨੇ ਵਿਚ ਲਗਾਤਾਰ ਵਧ ਰਹੀ ਹੈ। ਅੱਜ ਦੇ ਧਰਨੇ 'ਚ ਦਿੱਲੀ ਜਾਣ ਲਈ ਜਥਿਆਂ ਦੀ ਡਿਊਟੀ ਲਗਾਈ ਗਈ ਤੇ ਨਾਲ ਹੀ ਅਡਾਨੀ ਦੇ ਸੈਲੋ ਅੱਗੇ ਲੱਗੇ ਧਰਨੇ ਦੀ ਮਜ਼ਬੂਤੀ ਲਈ ਵਿਉਂਤਬੰਦੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਲੋਕ ਚੜ੍ਹਦੀ ਕਲਾ ਵਿਚ ਹਨ ਤੇ ਉਹ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲੈਣਗੇ। ਧਰਨੇ ਨੂੰ ਪਰਮਿੰਦਰ ਸਿੰਘ ਫੋਜੀ, ਸੂਬਾ ਸਿੰਘ ਡਗਰੂ, ਜਗਮੋਹਣ ਸਿੰਘ ਚੂਹੜਚੱਕ, ਗੁਰਟੇਕ ਸਿੰਘ ਤੇ ਰਣਜੀਤ ਸਿੰਘ ਨਿਧਾਂਵਾਲਾ ਨੇ ਸੰਬੋਧਨ ਕੀਤਾ।