ਮਨਿੰਦਰਜੀਤ ਸਿੰਘ, ਜੈਤੋ

ਜੈਤੋ ਦੀ ਨਵੀਂ ਬਣਾਈ ਪੰਚਾਇਤ ਨੇ ਬੜੀ ਮੁਸ਼ਕਿਲ ਨਾਲ ਪ੍ਰਸ਼ਾਸਨ ਤੇ ਦਬਾਅ ਪਾ ਕੇ ਜੈਤੋ ਦੀਆਂ ਪੱਟੀਆਂ ਸੜਕਾਂ ਅਤੇ ਸੀਵਰੇਜ ਦਾ ਕੰਮ ਚਾਲੂ ਕਰਵਾਇਆ ਸੀ ਪਰ ਇਹ ਗੱਲ ਜੈਤੋ ਦੇ ਲੀਡਰਾਂ ਨੂੰ ਰਾਸ ਨਹੀਂ ਆਈ ਅਤੇ ਉਨ੍ਹਾਂ ਪੰਚਾਇਤ ਦਾ ਸਾਥ ਤਾਂ ਕੀ ਦੇਣਾ ਸੀ ਉਲਟਾ ਚੱਲਦੇ ਕੰਮ ਨੂੰ ਬੰਦ ਕਰਵਾ ਕੇ ਇਹ ਸਾਬਿਤ ਕਰ ਦਿੱਤਾ ਕਿ ਲੀਡਰਾਂ ਨੂੰ ਆਪਣੀ ਸਿਆਸ ਪਿਆਰੀ ਹੈ ਨਾ ਕਿ ਉਹ ਲੋਕ ਨਹੀਂ ਜੋ ਉਨ੍ਹਾਂ ਨੂੰ ਵੋਟਾਂ ਪਾਕੇ ਚੁਣਦੇ ਹਨ। ਜੈਤੋ ਬੱਸ ਸਟੈਂਡ ਤੋਂ ਬਾਜਾਖਾਨਾ ਚੌਂਕ ਤਕ ਸੜਕ ਨਵੀਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ ਪਰ ਜੈਤੋ ਦੇ ਕਾਂਗਰਸੀ ਲੀਡਰਾਂ ਨੇ ਉਸ ਕੰਮ ਨੂੰ ਰੁਕਵਾ ਦਿੱਤਾ, ਜਿਸ ਕਾਰਨ ਜੈਤੋ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ।

ਇਸ ਸੜਕ ਦੇ ਦੋਵੇਂ ਪਾਸੇ ਰੇਗਰ ਭਾਈਚਾਰੇ ਦੀ ਵਸੋਂ ਹੈ, ਜਿਸ ਵਿਚ ਰਹਿੰਦੇ ਲੋਕਾਂ ਨੂੰ ਸੜਕ ਪੱਟੀ ਹੋਣ ਕਰਕੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਸੀ। ਲੰਬੇ ਇੰਤਜਾਰ ਤੋਂ ਬਾਅਦ ਜਦ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਤਾਂ ਆਪਣੀ ਚੌਧਰ ਚਮਕਾਉਣ ਦੇ ਚੱਕਰ ਵਿਚ ਲੀਡਰਾਂ ਨੇ ਇਸ ਦਾ ਕੰਮ ਰੁਕਵਾ ਦਿੱਤਾ, ਜਿਸ ਕਾਰਨ ਅੱਜ ਰੇਗਰ ਭਾਈਚਾਰੇ ਦੇ ਲੋਕਾਂ ਨੇ ਲੀਡਰਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਜੇਕਰ ਜਲਦੀ ਇਸ ਸੜਕ ਦਾ ਕੰਮ ਦੁਬਾਰਾ ਚਾਲੂ ਨਾ ਕਰਵਾਇਆ ਤਾਂ ਉਹ ਇਸ ਖਿਲਾਫ਼ ਧਰਨਾ ਪ੍ਰਦਰਸ਼ਨ ਕਰਨਗੇ।