ਸਤਨਾਮ ਸਿੰਘ ਘਾਰੂ, ਧਰਮਕੋਟ : ਬੀਤੇ ਦਿਨੀਂ ਪਟਿਆਲਾ ਵਿਖੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਮੰਗਲਵਾਰ ਨੂੰ ਧਰਮਕੋਟ ਵਿਖੇ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੋਹ 'ਚ ਆਏ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਤਨਖਾਹਾਂ ਵਧਾਉਣ ਦਾ ਚੋਣਾਵੀ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕੋਲ ਦੋ ਸਾਲ ਕਾਂਗਰਸ ਦੀ ਸਰਕਾਰ ਦੇ ਬੀਤ ਜਾਣ ਤੋਂ ਬਾਅਦ ਵੀ ਅਧਿਆਪਕਾਂ ਨੂੰ ਪੱਕਾ ਕਰਨ, ਤਨਖਾਹਾਂ ਵਧਾਉਣ ਅਤੇ ਹੋਰ ਸਿੱਖਿਆ ਸਬੰਧੀ ਮੰਗਾਂ ਮਸਲਿਆਂ ਨੂੰ ਹੱਲ ਕਰਨਾ ਤਾਂ ਦੂਰ ਅਧਿਆਪਕਾਂ ਨੂੰ ਮਿਲਣ ਤਕ ਦਾ ਸਮਾਂ ਵੀ ਨਹੀਂ ਹੈ। ਉਲਟਾ ਜੇਕਰ ਅਧਿਆਪਕ ਆਪਣੀਆਂ ਮੰਗਾਂ ਅਤੇ ਕਾਂਗਰਸ ਪਾਰਟੀ ਦੁਆਰਾ ਕੀਤੇ ਵਾਅਦੇ ਯਾਦ ਕਰਵਾਉਣ ਲਈ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਦਿਆਂ ਪਟਿਆਲਾ ਵਿਖੇ ਸ਼ਾਂਤਮਈ ਰੋਸ ਪ੍ਦਰਸ਼ਨ ਕਰ ਰਹੇ ਸਨ ਤਾਂ ਦਮਨਕਾਰੀ ਨੀਤੀ ਅਪਣਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਵੱਲੋਂ ਅਧਿਆਪਕਾਂ ਤੇ ਭਾਰੀ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਛੱਡ ਕੇ ਕਹਿਰ ਢਾਹਿਆ ਗਿਆ, ਜਿਸ ਖਿਲਾਫ਼ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਫੈਸਲੇ ਅਨੁਸਾਰ ਅਧਿਆਪਕ ਸੰਘਰਸ਼ ਕਮੇਟੀ ਮੋਗਾ ਦੇ ਆਗੂਆਂ ਪ੍ਗਟਜੀਤ ਕਿਸ਼ਨਪੁਰਾ, ਜੱਜਪਾਲ ਬਾਜੇ ਕੇ, ਸੋਹਨ ਸਿੰਘ, ਰਣਜੀਤ ਸਿੰਘ, ਜਗਸੀਰ ਘਾਰੂ ਦੀ ਅਗਵਾਈ ਹੇਠ ਬਲਾਕ ਪ੍ਾਇਮਰੀ ਸਿੱਖਿਆ ਅਫ਼ਸਰ ਧਰਮਕੋਟ ਦੇ ਦਫ਼ਤਰ ਮੂਹਰੇ ਇਕੱਠੇ ਹੋ ਕੇ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਐਲਾਨ ਕੀਤਾ ਗਿਆ ਕਿ ਸੰਘਰਸ਼ ਕਮੇਟੀ ਵਲੋਂ ਪੰਜਾਬ 'ਚ 'ਪੜੋ੍ਹ ਪੰਜਾਬ ਪੜ੍ਹਾਓ ਪੰਜਾਬ' ਦੇ ਬਾਈਕਾਟ ਦਾ ਜੋ ਐਲਾਨ ਕੀਤਾ ਹੈ, ਮੋਗੇ ਜ਼ਿਲੇ੍ਹ 'ਚ ਇਸਨੂੰ ਪੂਰਨ ਤੌਰ 'ਤੇ ਲਾਗੂ ਕੀਤਾ ਜਾਵੇਗਾ ਅਤੇ ਪੰਜਾਬ ਦਾ ਸਿੱਖਿਆ ਸਕੱਤਰ ਜੇਕਰ ਮੋਗੇ ਜ਼ਿਲੇ੍ਹ 'ਚ ਵੜਦਾ ਹੈ ਤਾਂ ਉਸਦਾ ਿਘਰਾਓ ਕੀਤਾ ਜਾਵੇਗਾ।

ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਗੁਰਮੀਤ ਢੋਲੇਵਾਲ, ਜਗਪ੍ਰੀਤ ਕੈਲਾ, ਕੁਲਵਿਦਰ ਸਿੰਘ ਕੋਟ ਖਾਂ, ਹਰਦੇਵ ਸੰਗਲਾ, ਨਿਰਮਲਜੀਤ ਸਿੰਘ, ਦਲਜੀਤ ਕੌਰ, ਸੁਖਵਿਦਰ ਸਿਘਘ ਨੇ ਕਿਹਾ ਕਿ ਅਧਿਆਪਕਾਂ ਦੇ ਧਰਨਿਆਂ 'ਤੇ ਬੈਠਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੋਲ ਜੇ ਹੁਣ ਅਧਿਆਪਕਾਂ ਦੀਆਂ ਮੰਗਾਂ ਹੱਲ ਕਰਨ ਲਈ ਅਧਿਆਪਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ ਤਾਂ ਉਹਨਾਂ ਨੂੰ ਆਪਣੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਜੇਕਰ ਉਹਨਾਂ ਕੋਲ ਲੋਕਾਂ ਦੇ ਮਸਲਿਆਂ ਲਈ ਸਮਾਂ ਹੀ ਨਹੀਂ ਹੈ ਤਾਂ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ।