ਕੈਪਸ਼ਨ : ਬਾਘਾਪੁਰਾਣਾ ਦੇ ਬਲਾਕ ਸੰਮਤੀ ਦਫਤਰ ਵਿਖੇ ਮਨਰੇਗਾ ਮੁਲਾਜ਼ਮ ਰੋਸ ਪ੍ਰਦਰਸ਼ਨ ਕਰਦੇ ਹੋਏ।

ਨੰਬਰ : 17 ਮੋਗਾ 27 ਪੀ

ਹਰਿੰਦਰ ਭੱਲਾ, ਬਾਘਾਪੁਰਾਣਾ : ਬਲਾਕ ਬਾਘਾ ਪੁਰਾਣਾ ਵਿਖੇ ਮਨਰੇਗਾ ਕ੍ਰਮਚਾਰੀ ਯੂਨੀਅਨ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਧਰਨਾ ਸ਼ੁਰੂ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਨਰੇਗਾ ਅਧੀਨ ਪਿਛਲੇ 11-12 ਸਾਲਾਂ ਤੋਂ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੇ ਅੱਜ ਤੋਂ ਮੰਗਾਂ ਦੀ ਪੂਰਤੀ ਲਈ ਬਲਾਕ ਪੱਧਰੀ ਧਰਨੇ ਪ੍ਰਦਰਸ਼ਨ ਪੂਰੇ ਪੰਜਾਬ ਵਿੱਚ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਮੇਂ ਸਮੇਂ ਤੇ ਨਰੇਗਾ ਕ੍ਰਮਚਾਰੀ ਯੂਨੀਅਨ ਵੱਲੋਂ ਸੇਵਾਵਾਂ ਪੰਚਾਇਤ ਵਿਭਾਗ 'ਚ ਮਰਜ਼ ਕਰਕੇ ਰੈਗੂਲਰ ਦਾ ਕੇਸ ਦੋ ਵਾਰ ਪ੍ਰਰੋਸ਼ੋਨਲ ਵਿਭਾਗ ਨੂੰ ਭੇਜਿਆ ਵੀ ਜਾ ਚੁੱਕਾ ਹੈ ਜੋ ਕਿ ਸਰਕਾਰ ਵੱਲੋਂ ਪੈਸੇ ਦੀ ਘਾਟ ਦਾ ਬਹਾਨਾ ਬਣਾ ਕੇ ਵਾਪਸ ਕਰ ਦਿੱਤਾ ਗਿਆ। ਦੂਜੇ ਪਾਸੇ ਨਰੇਗਾ ਮੁਲਾਜ਼ਮਾਂ ਦੇ ਤਜ਼ਰਬੇ ਨੂੰ ਦਰਕਿਨਾਰ ਕਰਕੇ ਵਿਭਾਗ ਵਿੱਚ ਹੀ ਪਹਿਲਾਂ ਵੀ ਪੰਚਾਇਤ ਸਕੱਤਰਾਂ, ਸਟੈਨੋਗ੍ਰਾਫਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਭਵਿੱਖ ਵਿੱਚ ਵੀ ਵਿਭਾਗ ਨਵੀਂ ਭਰਤੀ ਦੀ ਯੋਜਨਾ ਬਣਾ ਰਿਹਾ ਹੈ। ਜਿਸ ਵਿੱਚ ਨਰੇਗਾ ਮੁਲਾਜ਼ਮਾਂ ਲਈ ਕੋਈ ਛੋਟ ਦਿੱਤੀ ਜਾਵੇ। ਅਜਿਹੀ ਕੋਈ ਆਸ ਨਹੀਂ ਹੈ ਇੱਕ ਪਾਸੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਹੀ ਇੰਪਲਾਈਜ਼ ਵੈਲਫੇਅਰ ਐਕਟ 2016 ਲਾਗੂ ਕਰਕੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਚੁੱਕੇ ਹਨ। ਇਸ ਤੋਂ ਉਲਟ ਕੇਂਦਰ ਦੀ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਸਕੀਮ ਦੇ ਅਧਿਆਪਕ ਸਰਕਾਰ ਦੁਆਰਾ ਆਪਣੀ ਪਾਲਿਸੀ ਬਣਾ ਕੇ ਰੈਗੂਲਰ ਕੀਤੇ ਗਏ ਹਨ ਜੋ ਕਿ ਨਰੇਗਾ ਮੁਲਾਜ਼ਮਾਂ ਤੇ ਵੀ ਇੰਨ ਬਿੰਨ ਲਾਗੂ ਹੋ ਸਕਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਦੱਸਿਆ ਕਿ ਮਗਨਰੇਗਾ ਮੁਲਾਜ਼ਮ 2007-2008 ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਡਿਊਟੀ ਕਰ ਰਹੇ ਹਨ। ਸਾਰੇ 1539 ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਸਮੇਂ ਸਮੇਂ ਤੇ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਲਈ ਅਪਣਾਏ ਜਾਂਦੇ ਮਾਪਦੰਡਾਂ ਅਨੁਸਾਰ ਹੋਈ ਹੈ ਪ੍ਰੰਤੂ ਸਰਕਾਰ ਰੈਗੂਲਰ ਦੀ ਮੰਗ ਤੇ ਲਾਰੇ ਲਾ ਕੇ ਵਕਤ ਟਪਾ ਰਹੀ ਹੈ। ਅੱਜ ਤੱਕ ਨਾ ਤਾਂ ਨਰੇਗਾ ਮੁਲਾਜ਼ਮਾਂ ਦਾ ਏ.ਪੀ.ਐਫ ਕੱਟਿਆ ਜਾ ਰਿਹਾ ਹੈ, ਨਾ ਮੋਬਾਇਲ ਭੱਤਾ, ਡਿਊਟੀ ਦੌਰਾਨ ਮੌਤ ਹੋਣ ਤੇ ਵੀ ਨਾ ਕੋਈ ਲਾਭ ਅਤੇ ਨਾ ਹੀ ਮੈਡੀਕਲ ਸਹੂਲਤਾਂ, ਨਿਗੂਣਾ ਆਵਾਜਾਈ ਭੱਤਾ, ਨਾ ਸਰਵਿਸ ਰਿਕਾਰਡ ਰੱਖਿਆ ਜਾਂਦਾ ਹੈ ਨਾ ਹੀ ਤਨਖਾਹਾਂ ਦਾ ਕੋਈ ਬਜ਼ਟ ਰੱਖਿਆ ਜਾਂਦਾ ਹੈ। ਜਿਸ ਕਾਰਨ ਮੁਲਾਜ਼ਮਾਂ ਦਾ ਭਵਿੱਖ ਖਤਰੇ ਵਿੱਚ ਹੈ। ਉਪਰੋਕਤ ਵਿਭਾਗੀ ਮੰਗਾਂ ਤਾਂ ਪਿਛਲੇ ਡੇਢ ਸਾਲ ਤੋਂ ਪ੍ਰਵਾਨ ਵੀ ਕਰ ਲਈਆਂ ਗਈਆਂ ਸਨ ਪਰ ਅੱਜ ਤੱਕ ਲਾਰਿਆਂ ਤੋਂ ਕੋਈ ਵੀ ਠੋਸ ਹੱਲ ਨਹੀਂ ਹੋ ਸਕਿਆ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ 21 ਅਗਸਤ ਦੀ ਸੂਬਾਈ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਅੱਜ ਤੋਂ ਨਰੇਗਾ ਦੇ ਹਰ ਤਰ੍ਹਾਂ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ 16,17,18 ਸਤੰਬਰ ਨੂੰ ਬਲਾਕ ਪੱਧਰ ਤੇ ਧਰਨੇ ਦੇਣ ਤੋਂ ਬਾਅਦ 19 ਅਤੇ 20 ਸਤੰਬਰ ਨੂੰ ਜ਼ਿਲ੍ਹਾ ਪੱਧਰ ਤੇ ਵਿਸ਼ਾਲ ਧਰਨੇ ਦਿੱਤੇ ਜਾਣਗੇ ਅਤੇ ਨਰੇਗਾ ਮੁਲਾਜ਼ਮ ਪੰਜਾਬ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਚਾਰਾਂ ਹਲਕਿਆਂ ਵਿੱਚ ਕਾਂਗਰਸ ਸਰਕਾਰ ਦੀਆਂ ਪੋਲਾਂ ਖੋਲ੍ਹਣਗੇ। ਜੇਕਰ ਫਿਰ ਵੀ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ। ਜੋ ਕਿ ਅਣਮਿੱਥੇ ਸਮੇਂ ਲਈ ਪੱਕੇ ਮੋਰਚੇ ਵਿੱਚ ਵੀ ਤਬਦੀਲ ਹੋ ਸਕਦਾ ਹੈ। ਇਸ ਤੋਂ ਪਹਿਲਾਂ ਹੀ ਕਾਂਗਰਸੀ ਸੰਸਦਾਂ, ਕੈਬਨਿਟ ਸੰਸਦਾਂ, ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਸਰਕਾਰ ਨੇ ਕੋਈ ਵੀ ਗੱਲਬਾਤ ਦੀ ਪੇਸ਼ਕਸ਼ ਨਹੀਂ ਕੀਤੀ। ਇਸ ਮੌਕੇ ਰਣਜੀਤ ਸਿੰਘ ਜ਼ਿਲ੍ਹਾ ਚੇਅਰਮੈਨ, ਜਸਪਾਲ ਸਿੰਘ ਜਨਰਲ ਸਕੱਤਰ, ਗਗਨਪ੍ਰਰੀਤ ਸਿੰਘ ਵਾਇਸ ਪ੍ਰਧਾਨ, ਗੁਰਵਿੰਦਰ ਸਿੰਘ ਕੈਸ਼ੀਅਰ, ਗੁਰਿੰਦਰ ਸਿੰਘ, ਰਾਕੇਸ਼ ਕੁਮਾਰ, ਜਗਜੀਤ ਸਿੰਘ ਗਿੱਲ, ਕ੍ਰਮਵੀਰ ਕੌਰ, ਜਗਜੀਤ ਸਿੰਘ ਚਹਿਲ ਆਦਿ ਹਾਜ਼ਰ ਸਨ।