ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਪਿੰਡ ਰਣਸੀਂਹ ਕਲਾਂ ਭਾਰਤ ਦਾ ਪਹਿਲਾ ਅਜਿਹਾ ਪਿੰਡ ਬਣ ਗਿਆ ਹੈ, ਜੋ ਪਲਾਸਟਿਕ ਦੇ ਬਦਲੇ ਪਿੰਡ ਦੇ ਲੋਕਾਂ ਨੂੰ ਖੰਡ ਵੰਡਿਆ ਕਰੇਗਾ। ਅਜਿਹਾ ਕਰਨ ਨਾਲ ਪਿੰਡ ਪਲਾਸਟਿਕ ਮੁਕਤ ਵੀ ਹੋ ਜਾਵੇਗਾ ਅਤੇ ਹੋਰਾਂ ਲਈ ਪ੍ਰੇਰਣਾਦਾਇਕ ਵੀ ਬਣੇਗਾ।

ਮੋਗਾ ਦੇ ਪਿੰਡ ਰਣਸੀਂਹ ਕਲਾਂ ਨੂੰ ਪਲਾਸਟਿਕ ਮੁਕਤ ਕਰਨ ਦੇ ਮੰਤਵ ਨਾਲ ਪਿੰਡ ਦੀ ਪੰਚਾਇਤ ਵੱਲੋਂ ਬੁਲਾਏ ਆਮ ਇਜਲਾਸ ਰਾਹੀਂ ਪਿੰਡ ਦੇ ਲੋਕਾਂ ਨੂੰ ਪਲਾਸਟਿਕ ਬਦਲੇ ਖੰਡ ਦਿੱਤੀ ਜਾਇਆ ਕਰੇਗੀ। ਇਸ ਦੀ ਰਸਮੀ ਸ਼ੁਰੂਆਤ ਪਿਛਲੇ ਦਿਨੀਂ ਪਿੰਡ ਦੀ ਪੰਚਾਇਤ ਵੱਲੋਂ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂੁ ਦੀ ਅਗਵਾਈ ਵਿਚ ਕਰ ਦਿੱਤੀ ਹੈ। ਪੰਚਾਇਤ ਨੇ ਪਿੰਡ ਦੇ ਹਰ ਵਾਸੀ ਨੂੰ ਦੀਵਾਲੀ ਦਾ ਤੋਹਫਾ ਦਿੰਦਿਆਂ ਪਲਾਸਟਿਕ ਬਦਲੇ ਖੰਡ ਦੀ ਵੰਡ ਕੀਤੀ ਗਈ।

ਇਸ ਮੌਕੇ 'ਪੰਜਾਬੀ ਜਾਗਰਣ' ਨਾਲ ਸਰਪੰਚ ਪ੍ਰੀਤਇੰਦਰਪਾਲ ਮਿੰਟੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਸੁਪਨਾ ਹੈ ਕਿ ਮੈਂ ਆਪਣੇ ਪਿੰਡ ਨੂੰ ਦੇਸ਼ ਦੇ ਨਕਸ਼ੇ ਦੇ ਲੈ ਕੇ ਆਵਾਂ, ਜੋ ਹੌਲੀ ਹੌਲੀ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਵਿਚ ਮੇਰੇ ਪਿੰਡ ਦੇ ਲੋਕ ਅਤੇ ਵਿਦੇਸ਼ ਵਿਚ ਬੈਠੇ ਐਨਆਰਆਈ ਵੀਰ ਸਹਿਯੋਗ ਦੇ ਰਹੇ ਹਨ।

ਪਿੰਡ ਵਿਚ ਵੰਡੀ ਗਈ 4 ਕੁਇੰਟਲ ਖੰਡ

ਨੌਜਵਾਨ ਸਰਪੰਚ ਮਿੰਟੂ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਪਹਿਲਕਦਮੀ ਕਰਦਿਆਂ ਪਿੰਡ ਵਿਚ ਸਾਰੇ ਘਰਾਂ ਨੂੰ ਸੂਚਿਤ ਕੀਤਾ ਕਿ ਜਿਸ ਦੇ ਘਰ ਪਲਾਸਟਿਕ ਦਾ ਵਾਧੂ ਸਮਾਨ ਹੈ ਉਹ ਇੱਕਠਾ ਕਰ ਲਿਆ ਜਾਵੇ। ਜਿਸ ਦੇ ਇਵਜ ਵਿਚ ਬਰਾਬਰ ਖੰਡ ਦਿੱਤੀ ਜਾਵੇਗੀ। ਇਸ ਤਰ੍ਹਾਂ ਪਿੰਡ 'ਚੋ 4 ਕੁਇੰਟਲ ਪਲਾਸਟਿਕ ਇੱਕਠਾ ਹੋਇਆ ਅਤੇ ਉਸ ਦੇ ਬਰਾਬਰ ਖੰਡ ਦਿੱਤੀ ਗਈ।

ਹਰ ਦੋ ਮਹੀਨੇ ਬਾਅਦ ਦਿੱਤੀ ਜਾਇਆ ਕਰੇਗੀ ਖੰਡ

ਪਿੰਡ ਵਿਚ ਆਮ ਇਜਲਾਸ ਬੁਲਾ ਕੇ ਹਰ ਦੋ ਮਹੀਨੇ ਬਾਅਦ ਪਿੰਡ ਦੇ ਲੋਕਾਂ ਨੂੰ ਪਲਾਸਟਿਕ ਬਦਲੇ ਖੰਡ ਦਿੱਤੀ ਜਾਇਆ ਕਰੇਗੀ। ਇਹ ਪਲਾਸਟਿਕ ਪਿੰਡ ਦੇ ਲੋਕਾਂ ਨੂੰ ਆਪਣੇ ਘਰਾਂ ਵਿਚ ਇਕੱਠਾ ਕਰਕੇ ਰੱਖਣਾ ਪਵੇਗਾ। ਇਸਨੂੰ ਬਾਹਰ ਜਾਂ ਰੂੜੀਆਂ 'ਤੇ ਨਾ ਸੁੱਟਿਆ ਜਾਵੇ।

ਲੁਧਿਆਣਾ ਦੀ ਫੈਕਟਰੀ ਨੂੰ ਦਿੱਤਾ ਜਾਵੇਗਾ ਇਕੱਠਾ ਕੀਤਾ ਪਲਾਸਟਿਕ

ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਨੇ ਦੱਸਿਆ ਕਿ ਲੁਧਿਆਣਾ ਦੀ ਪਰਿਵਰਤਨ ਨਾਂ ਦੀ ਪਲਾਸਟਿਕ ਫੈਕਟਰੀ ਨੂੰ ਪਿੰਡ ਵਿਚੋਂ ਇਕੱਠਾ ਹੋਇਆ ਪਲਾਸਟਿਕ ਰੀਸਾਈਕਲ ਕਰਨ ਲਈ ਦਿੱਤਾ ਜਾਇਆ ਕਰੇਗਾ। ਰੀਸਾਈਕਲ ਲਈ ਦਿੱਤੇ ਪਲਾਸਟਿਕ ਦੀ ਜੋ ਵੀ ਵੱਟਤ ਹੋਵੇਗੀ, ਉਸਦੀ ਖੰਡ ਲਿਆ ਕੇ ਪਲਾਸਟਿਕ ਬਦਲੇ ਪਿੰਡ ਦੇ ਲੋਕਾਂ ਨੂੰ ਵੰਡੀ ਜਾਇਆ ਕਰੇਗੀ।

ਆਰਓ ਪਾਣੀ ਦੀ ਰੀਸਾਈਕਲ ਲਈ ਦਿੱਤੇ ਬਰਤਨ

ਪਿੰਡ ਦੀ ਪੰਚਾਇਤ ਨੇ ਇਕ ਹੋਰ ਪਹਿਲਕਦਮੀ ਕਰਦਿਆਂ ਪਿੰਡ ਵਿਚ ਲੱਗੇ ਆਰਓ ਫਿਲਟਰਾਂ ਦੇ ਵੇਸਟ ਪਾਣੀ ਨੂੰ ਵਰਤੋਂ ਵਿਚ ਲਿਆਉਣ ਲਈ ਪਿੰਡ ਵਾਸੀਆਂ ਨੂੰ ਬਰਤਨ ਵੰਡਣ ਦਾ ਉਪਰਾਲਾ ਵੀ ਕੀਤਾ ਹੈ। ਹੁਣ ਇਨ੍ਹਾਂ ਆਰਓ ਫਿਲਟਰਾਂ ਦਾ ਪਾਣੀ ਪਿੰਡ ਦੇ ਲੋਕ ਘਰਾਂ ਵਿੱਚ ਕੱਪੜੇ ਧੋਣ, ਬਰਤਨ ਧੋਣ ਜਾਂ ਫਿਰ ਨਹਾਉਣ ਲਈ ਹੀ ਵਰਤਣਗੇ, ਨਾ ਕਿ ਇਹ ਪਾਣੀ ਫਾਲਤੂ ਜਾਵੇਗਾ।