ਕੈਪਸ਼ਨ : ਮੋਗਾ ਦੇ ਜ਼ੀਰਾ ਰੋਡ ਤੋਂ ਪੌਦੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਤੇ ਕਲੱਬ ਮੈਂਬਰ।

ਨੰਬਰ : 19 ਮੋਗਾ 15 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਲਾਇਨਜ਼ ਕਲੱਬ (ਵਿਸ਼ਾਲ) ਮੋਗਾ ਵੱਲੋਂ 21 ਹਜ਼ਾਰ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਅੱਜ ਜੀਰਾ ਰੋਡ ਮੋਗਾ ਤੋਂ ਕੀਤੀ। ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਨਰ ਸੰਦੀਪ ਹੰਸ ਸਹਿਤ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਬਤਰਾ, ਲਾਇਨਜ ਕਲੱਬ ਵਿਸ਼ਾਲ ਦੇ ਪ੍ਰਧਾਨ ਦਰਸ਼ਨ ਲਾਲ ਗਰਗ ਅਤੇ ਦਵਿੰਦਰਪਾਲ ਸਿੰਘ ਰਿੰਪੀ ਨੇ 200 ਫਲਦਾਰ ਅਤੇ ਛਾਂਦਾਰ ਪੌਦੇ ਲਗਾ ਕੇ ਕੀਤੀ।

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹਰੇਕ ਪਿੰਡ ਵਿੱਚ 550 ਪੌਦੇ ਲਗਾਏ ਜਾ ਰਹੇ ਹਨ ਉਥੇ ਹੀ ਉਨ੍ਹਾਂ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ, ਐਨ.ਜੀ.ਓ ਅਤੇ ਆਮ ਲੋਕਾਂ. ਤੋਂ ਵੀ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਅਤੇ ਹਰਾ ਭਰਾ ਬਣਾਉਣ ਲਈ ਇਕੱਲੀ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਹੀ ਨਹੀ ਸਗੋਂ ਆਮ ਲੋਕਾਂ ਨੁੰ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਰੁੱਖਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਮਿਸਾਲ ਦੇ ਤੌਰ ਕਿਹਾ ਕਿ ਮੈਂ ਆਪਣੇ ਘਰ ਵਿੱਚ 20 ਬੂਟੇ ਲਗਾਏ ਹੋਏ ਹਨ ਜਿੰਨ੍ਹਾਂ ਦੀ ਦੇਖਭਾਲ ਦੀ ਜਿੰਮੇਵਾਰੀ ਉਹ ਆਪ ਉਠਾਉਂਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੇ ਗਿਰ ਰਹੇ ਪੱਧਰ ਵਿੱਚ ਸੁਧਾਰ ਲਿਆਉਣ ਲਈ ਵੀ ਰੁੱਖ ਅਹਿਮ ਭੂਮਿਕਾ ਨਿਭਾਉਂਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਾਡੀ ਨੈਤਿਕ ਜਿੰਮੇਵਾਰੀ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਸਾਫ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਰੱਖੀਏ।

ਇਸ ਸਮੇਂ ਸਮਾਜ ਸੇਵੀ ਅਵਤਾਰ ਸਿੰਘ ਸੱਗੂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੋਗਾ ਸ਼ਹਿਰ ਵਿੱਚ 10 ਰੇਨ ਵਾਟਰ ਹਾਸਵੇਸਟਿੰਗ ਸਿਸਟਮ ਲਗਾਉਣ ਦੀ ਪੇਸ਼ਕਸ ਕੀਤੀ ਗਈ। ਜਿਸ ਉਪਰੰਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਿ ਸ਼ਹਿਰ ਦੀਆਂ ਵੱਖ-ਵੱਖ 10 ਥਾਵਾਂ, ਜਿੱਥੇ ਕਿ ਬਰਸਾਤੀ ਪਾਣੀ ਜਿਆਦਾ ਇਕੱਠਾ ਹੁੰਦਾ ਹੈ ਦੀ ਸ਼ਨਾਖਤ ਕੀਤੀ ਜਾਵੇ ਤਾਂ ਜੋ ਇਨ੍ਹਾਂ ਥਾਵਾਂ ਤੇ ਪਾਣੀ ਦੀ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਰੁੱਖ ਸਾਡੀ ਵਾਤਾਵਰਣ ਦੀ ਸੁਰੱਖਿਆ ਅਤੇ ਹਵਾ ਨੂੰ ਸ਼ੁੱਧ ਕਰਨ ਤੋਂ ਇਲਾਵਾ ਬਿਮਾਰੀਆਂ ਨੂੰ ਰੋਕਣ ਵਿਚ ਵੀ ਮਦਦ ਕਰਦੇ ਹਨ।

ਇਸ ਮੌਕੇ ਦਵਿੰਦਰਪਾਲ, ਰਵਿੰਦਰ ਗੋਇਲ ਸੀ.ਏ., ਦਰਸ਼ਨ ਲਾਲ ਗਰਗ, ਰਾਜਨ ਗਰਗ, ਰਾਕੇਸ਼ ਜੈਸਵਾਲ, ਪਰਮੋਦ ਗੋਇਲ, ਸਰਕਦਾਰੀ ਲਾਲ ਕਾਮਰਾ, ਡਾ. ਰਮੇਸ਼ ਕਾਂਸਲ, ਅਨਿਲ ਗੋਇਲ, ਖੁਸ਼ਿਲ, ਰਾਜੂ, ਪੰਨੂ ਅਵਤਾਰ ਸਿੰਘ, ਚਮਨ ਲਾਲ ਗੋਇਲ, ਦੀਪਕ ਤਿਆਲ ਆਦਿ ਹਾਜ਼ਰ ਸਨ।