ਸੜਕਾਂ 'ਤੇ ਪਏ ਟੋਇਆਂ ਦੇ ਖੌਫ਼ ਦਾ ਮਾਮਲਾ..

ਸੜਕਾਂ 'ਤੇ ਟੋਇਆਂ ਦੀ ਭਰਮਾਰ ਕਾਰਨ ਰਾਤ ਨੂੰ ਬਾਹਰ ਨਿਕਲਣ ਤੋਂ ਡਰਦੇ ਸੀਨੀਅਰ ਸਿਟੀਜਨਜ਼ ਹੁਣ ਦਿਨੇਂ-ਦਿਨੇਂ ਮਨਾਉਣਗੇ ਆਪਣੇ ਜਨਮ-ਦਿਨ

ਵਕੀਲ ਮਹਿਰੋਂ, ਮੋਗਾ : ਸ਼ਹਿਰ ਦੇ ਕਰੀਬ 50-60 ਸੀਨੀਅਰ ਸਿਟੀਜਨਜ਼ ਜਿਨ੍ਹਾਂ ਦੀ ਉਮਰ 58 ਸਾਲ ਤੋਂ 75 ਸਾਲ ਦੇ ਲਗਭਗ ਹੈ, ਨੇ ਚੇਅਰਮੈਨ ਚਮਨ ਲਾਲ ਗੋਇਲ ਅਤੇ ਪ੍ਰਧਾਨ ਵੀ ਪੀ ਸੇਠੀ ਦੀ ਅਗਵਾਈ ਵਿਚ ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਨਾਮ ਹੇਠ ਬੀਤੇ 3/4 ਸਾਲਾਂ ਤੋਂ ਆਪਣੀ ਇਕ ਸਮਾਜਿਕ ਸੰਸਥਾ ਬਣਾਈ ਹੋਈ ਹੈ।

ਇਹ ਜਾਣਕਾਰੀ ਦਿੰਦਿਆਂ ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਦੇ ਲੀਗਲ ਅਡਵਾਈਜ਼ਰ ਸੀਨੀਅਰ ਐਡਵੋਕੇਟ ਵਿਜੇ ਧੀਰ ਨੇ ਕਿਹਾ ਕਿ ਇਸ ਵੈਲਫੇਅਰ ਸੋਸਾਇਟੀ ਦਾ ਅਨੇਕਾਂ ਵਿਚੋਂ ਇਕ ਅਹਿਮ ਪ੍ਰਰੋਜੈਕਟ ਹੈ ਕਿ ਹਰ ਮਹੀਨੇ ਦੇ ਤਕਰੀਬਨ ਆਖਰੀ ਦਿਨ ਉਸ ਮਹੀਨੇ ਵਿਚ ਸੁਸਾਇਟੀ ਮੈਂਬਰਾਂ ਦੇ ਆਉਂਦੇ ਜਨਮ ਦਿਨ ਸਮੂਹਿਕ ਤੌਰ 'ਤੇ ਸ਼ਾਮ ਦੇ ਸਮੇਂ ਸ਼ਹਿਰ ਦੇ ਕਿਸੇ ਹੋਟਲ 'ਚ ਮਨਾਏ ਜਾਂਦੇ ਹਨ ਅਤੇ ਰਾਤ ਸਮੇਂ ਮੈਂਬਰਾਂ ਨੂੰ ਡਿਨਰ ਦਿੱਤਾ ਜਾਂਦਾ ਹੈ। ਧੀਰ ਨੇ ਕਿਹਾ ਕਿ ਬੀਤੀ ਮੀਟਿੰਗ ਵਿੱਚ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਇਤਰਾਜ਼ ਉਠਾਏ ਕਿ ਸ਼ਹਿਰ ਦੀਆਂ ਸੜਕਾਂ ਤੇ ਟੋਇਆਂ/ਖੱਡਿਆਂ ਦੀ ਭਰਮਾਰ ਹੈ ਅਤੇ ਸਟਰੀਟ ਲਾਈਟਾਂ ਵੀ ਪੂਰੀ ਤਰ੍ਹਾਂ ਨਾਲ ਜਗਦੀਆਂ ਨਹੀਂ ਹਨ, ਹਨੇਰਾ ਅਤੇ ਟੋਇਆਂ ਕਾਰਨ ਰਾਤ ਸਮੇਂ ਸਕੂਟਰਾਂ ਤੇ ਆਪਣੇ-ਆਪਣੇ ਘਰ ਜਾਣਾ ਜੋਖਿਮ ਵਾਲੀ ਗੱਲ ਹੈ ਤੇ ਇਸ ਉਮਰ ਵਿਚ ਨਿਗ੍ਹਾ ਵੀ ਕਮਜ਼ੋਰ ਹੁੰਦੀ ਹੈ ਅਤੇ ਸੜਕਾਂ ਤੇ ਟੋਇਆਂ ਕਾਰਨ ਸਕੂਟਰ ਦੇ ਡਿੱਗਣ ਜਾਂ ਕਿਸੇ ਵਿਚ ਵੱਜਣ ਕਾਰਨ ਸੱਟ-ਫੇਟ ਲੱਗਣ ਦਾ ਡਰ ਰਹਿੰਦਾ ਹੈ ਅਤੇ ਘਰ ਵਾਲੇ ਵੀ ਦਿਨ ਿਛਪਣ ਤੋਂ ਬਾਅਦ ਇਹਨਾਂ ਹਾਲਤਾਂ ਵਿੱਚ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੰਦੇ ਹਨ। ਧੀਰ ਨੇ ਕਿਹਾ ਕਿ ਸੋਸਾਇਟੀ ਦੇ ਮੈਂਬਰਾਂ ਦੇ ਬਹੁਮਤ ਅੱਗੇ ਸਿਰ ਝੁਕਾਉਂਦਿਆਂ ਸੋਸਾਇਟੀ ਨੇ ਭਵਿੱਖ ਵਿੱਚ ਆਪਣੇ ਮੈਂਬਰਾਂ ਦੇ ਸਮੂਹਿਕ ਜਨਮ ਦਿਨ ਦਿਨੇਂ-ਦਿਨੇ ਮਣਾਉਣ ਅਤੇ ਲੰਚ ਦੇਣ ਦਾ ਫੈਸਲਾ ਕੀਤਾ ਹੈ। ਧੀਰ ਨੇ ਦੱਸਿਆ ਕਿ ਬੀਤੇ ਦਿਨੀਂ ਬਰਸਾਤ ਦੌਰਾਨ ਮੇਨ ਬਜਾਰ ਵਿੱਚ ਬਾਗ਼ ਗਲੀ ਗੇਟ ਮੂਹਰੇ ਸੜਕ ਤੇ ਇਕ ਵੱਡੇ ਸਾਇਜ ਦੇ ਟੋਏ ਵਿਚ ਸੜਕ ਤੇ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਈ- ਰਿਕਸ਼ਾ ਡਰਾਈਵਰ ਨੂੰ ਟੋਏ ਦਾ ਪਤਾ ਨਾ ਲੱਗਣ ਕਾਰਨ ਈ- ਰਿਕਸ਼ਾ ਸਵਾਰੀਆਂ ਸਮੇਤ ਉਲਟ ਗਈ ਸੀ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਮੌਕੇ ਤੇ ਸਵਾਰੀਆਂ ਨੂੰ ਸੰਭਾਲਿਆ ਅਤੇ ਈ-ਰਿਕਸ਼ਾ ਸਿੱਧੀ ਖੜ੍ਹੀ ਕੀਤੀ। ਇਸ ਹਾਦਸੇ ਦੀ ਵਾਇਰਲ ਹੋਈ ਵੀਡੀਓ ਨੇ ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਮੈਂਬਰਾਂ ਦੇ ਦਿਲਾਂ ਵਿਚ ਸੜਕਾਂ ਤੇ ਪਏ ਟੋਇਆਂ ਦਾ ਹੋਰ ਜ਼ਿਆਦਾ ਖ਼ੌਫ਼ ਪੈਦਾ ਕਰ ਦਿੱਤਾ। ਸੜਕਾਂ ਤੇ ਪਏ ਟੋਇਆਂ ਕਾਰਨ ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਨੂੰ ਜਨਮ ਦਿਨ ਮਨਾਉਣ ਦਾ ਸਮਾਂ ਬਦਲਣਾ ਪਿਆ, ਮਜਬੂਰੀ ਵਿਚ ਸਮਾਂ ਬਦਲਣ ਕਾਰਨ ਬਜ਼ੁਰਗਾਂ ਦਾ ਮਜ਼ਾ ਕਿਰਕਿਰਾ ਹੋ ਗਿਆ ਕਿਉਂਕਿ ਹੁਣ ਉਹਨਾਂ ਨੂੰ ਡਿਨਰ ਦੀ ਜਗ੍ਹਾ ਲੰਚ ਕਰਨਾ ਪਵੇਗਾ।

ਕੈਪਸ਼ਨ : ਸੀਨੀਅਰ ਸਿਟੀਜਨ ਦੀ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਚੇੇਅਰਮੈਨ ਚਮਨ ਲਾਲ ਗੋਇਲ।

ਨੰਬਰ : 18 ਮੋਗਾ 8 ਪੀ