ਹਰਦੀਪ ਧੰਮੀ ਨੰਗਲ, ਨਿਹਾਲ ਸਿੰਘ ਵਾਲਾ

ਪਿੰਡ ਮਾਛੀਕੇ ਵਿਖੇ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਦੀ ਉਸਾਰੀ ਅਧੀਨ ਗਰੀਬ ਬਸਤੀ ਦੇ ਵਾਟਰ ਵਰਕਸ ਦੇ ਪਾਇਪ ਪੱਟੇ ਜਾਣ ਕਾਰਨ ਬਸਤੀ ਅੰਦਰ ਭਾਰੀ ਰੋਹ ਪਾਇਆ ਜਾ ਰਿਹਾ ਹੈ। ਅੱਜ ਬਸਤੀ ਵਾਸੀਆਂ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਭਰਭੂਰ ਸਿੰਘ ਰਾਮਾਂ ਦੀ ਅਗਵਾਈ ਵਿੱਚ ਰਾਸ਼ਟਰੀ ਮਾਰਗ ਤੇ ਸੰਕੇਤਕ ਧਰਨਾ ਦੇ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਭਰਭੂਰ ਸਿੰਘ ਰਾਮਾ ਅਤੇ ਪੀੜਤ ਬਸਤੀ ਵਾਸੀਆਂ ਨੇ ਕਿਹਾ ਕਿ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਦੀਆਂ ਮੰਗਾਂ ਵੱਲ ਪ੍ਰਸ਼ਾਸਨ ਤੁਰੰਤ ਧਿਆਨ ਦੇਵੇ ਅਤੇ ਉਨਾਂ੍ਹ ਦਾ ਹੱਲ ਕਰੇ। ਅਦੋਲਨਕਾਰੀਆਂ ਦਾ ਕਹਿਣਾ ਹੈ ਕਿ ਸਿਆਸੀ ਰਸੂਖ਼ ਵਾਲੇ ਲੋਕਾਂ ਦੇ ਦਬਾਅ ਹੇਠ ਪ੍ਰਸ਼ਾਸਨ ਜਾਣਬੁੱਝ ਕੇ ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਅਤੇ ਨਿਕਾਸੀ ਪਾਣੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਨਾਂ੍ਹ ਕਿਹਾ ਕਿ ਇਸ ਮਾਰਗ ਦੀ ਉਸਾਰੀ ਅਧੀਨ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਦੀ ਪਾਇਪ ਲਾਇਨ ਟੁੱਟ ਗਈ ਹੈ, ਜਿਸ ਕਾਰਨ ਪਿੰਡ ਦੇ ਇਕ ਪਾਸੇ ਨੂੰ ਪਾਣੀ ਨਹੀਂ ਜਾ ਰਿਹਾ। ਮਾਰਗ ਕਈ ਫੁੱਟ ਉੱਚਾ ਬਣਾਇਆ ਜਾ ਰਿਹਾ ਹੈ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੁਲੀਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋਵੇਗਾ। ਇਸ ਤੋਂ ਇਲਾਵਾ ਮਾਰਗ ਚਾਰ ਲਾਇਨ ਪਿੰਡ ਤੋਂ ਉੱਚੀ ਹੋਣ ਕਰਕੇ ਅਤੇ ਪਿੰਡ ਲਈ ਬੱਸ ਸਟੈਂਡ ਕੋਲ ਕੋਈ ਪੁਲ ਜਾਂ ਕੱਟ ਦਾ ਪ੍ਰਬੰਧ ਨਾ ਕੀਤਾ ਹੋਣ ਕਰਕੇ ਸੜਕ ਕਰਾਸਿੰਗ ਦੀ ਵੱਡੀ ਸਮੱਸਿਆ ਪੈਦਾ ਹੋਵੇਗੀ। ਇਸ ਮੌਕੇ ਸਰਬਜੀਤ ਸਿੰਘ, ਭੋਲਾ ਸਿੰਘ ਚੌਕੀਦਾਰ ਆਦਿ ਪਿੰਡ ਵਾਸੀ ਹਾਜਰ ਸਨ।