ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਮੋਗਾ ਰੇਲਵੇ ਸਟੇਸ਼ਨ 'ਤੇ ਰੇਲਵੇ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਕੋਰੋਨਾ ਸਮੇਂ ਤੋਂ ਟਿਕਟ ਏਟੀਐੱਮ ਮਸ਼ੀਨ ਦੇ ਬੰਦ ਹੋਣ ਸਬੰਧੀ ਸ਼ਹਿਰ ਦੀ ਆਰਟੀਆਈ ਕਾਰਕੁੰਨ ਕਪਿਲ ਮਿੱਤਲ ਨੇ ਨਵੀਂ ਦਿੱਲੀ ਸਥਿਤ ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਰੇਲਵੇ ਡਵੀਜ਼ਨ ਦੇ ਡਵੀਜ਼ਨਲ ਮੈਨੇਜਰ (ਡੀਆਰਐੱਮ) ਨੂੰ ਪੱਤਰ ਲਿਖ ਕੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦਿਆਂ ਆਰਟੀਆਈ ਕਾਰਕੁੰਨ ਕਪਿਲ ਮਿੱਤਲ ਵਾਸੀ ਵੇਦਾਂਤਾ ਨਗਰ ਮੋਗਾ ਨੇ ਦੱਸਿਆ ਕਿ ਉਹ ਸਵੇਰੇ ਮੋਗਾ ਰੇਲਵੇ ਸਟੇਸ਼ਨ 'ਤੇ ਕਿਤੇ ਜਾਣ ਲਈ ਗਿਆ ਸੀ। ਉੱਥੇ ਉਨ੍ਹਾਂ ਨੇ ਟਿਕਟ ਖਿੜਕੀ ਕੋਲ ਰੇਲਵੇ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਲਾਈ ਏਟੀਵੀਐੱਮ ਮਸ਼ੀਨ ਦੇਖੀ। ਉਹ ਦਿੱਖ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸਟੇਸ਼ਨ 'ਤੇ ਚੈਕਿੰਗ ਕਰਨ 'ਤੇ ਪਤਾ ਲੱਗਾ ਕਿ ਮਸ਼ੀਨਾਂ ਕੋਰੋਨਾ ਦੇ ਦੌਰ ਤੋਂ ਕੰਮ ਕਰਨ ਤੋਂ ਅਸਮਰੱਥ ਹਨ। ਅਜਿਹੇ 'ਚ ਟਿਕਟ ਖਿੜਕੀ 'ਤੇ ਭੀੜ ਜ਼ਿਆਦਾ ਹੋ ਜਾਂਦੀ ਹੈ। ਕਈ ਯਾਤਰੀਆਂ ਨੂੰ ਟਰੇਨ ਦੇ ਚੱਲਣ ਤਕ ਟਿਕਟ ਵੀ ਨਹੀਂ ਮਿਲ ਰਹੀ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈਂਦੀ ਹੈ ਅਤੇ ਕਈ ਵਾਰ ਟਰੇਨ ਵੀ ਖੁੰਝ ਜਾਂਦੀ ਹੈ।

ਇਸ ਨਾਲ ਰੇਲ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਇਸ ਮਸ਼ੀਨ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਯਾਤਰੀਆਂ ਨੂੰ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਇਸ ਕਮੀ ਨੂੰ ਦੂਰ ਕਰਨ ਲਈ ਇਸ ਪੱਖ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।