ਪੰਜਾਬ ਸਰਕਾਰ ਨੇ ਸੂਬੇ ਦੇ ਸਮੁੱਚੇ ਵਰਗਾਂ ਨੂੰ ਬਣਾਇਆ ਖ਼ੁਸ਼ਹਾਲ : ਧਰਮਿੰਦਰਪਾਲ ਸਿੰਘ
ਪੰਜਾਬ ਸਰਕਾਰ ਨੇ ਸੂਬੇ ਦੇ ਸਮੁੱਚੇ ਵਰਗਾਂ ਨੂੰ ਬਣਾਇਆ ਖ਼ੁਸ਼ਹਾਲ : ਧਰਮਿੰਦਰਪਾਲ ਸਿੰਘ
Publish Date: Wed, 12 Nov 2025 04:23 PM (IST)
Updated Date: Wed, 12 Nov 2025 04:25 PM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਦੇ ਸਮੁੱਚੇ ਵਰਗਾਂ ਜਿਨ੍ਹਾਂ ’ਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਗਰੀਬ ਪਰਿਵਾਰ ਸ਼ਾਮਲ ਹਨ, ਉਨ੍ਹਾਂ ਨੂੰ ਖ਼ੁਸ਼ਹਾਲ ਬਣਾਉਣ ਲਈ ਬਹੁਤ ਲਾਹੇਵੰਦ ਸਕੀਮਾਂ ਨਾਲ ਮਾਲਾਮਾਲ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਯੂਥ ਵਿੰਗ ਜੈਤੋ ਸ਼ਹਿਰੀ ਦੇ ਪ੍ਰਧਾਨ ਨੰਬਰਦਾਰ ਧਰਮਿੰਦਰਪਾਲ ਸਿੰਘ ਤੋਤਾ ਨੇ ਕੀਤਾ। ਨੰਬਰਦਾਰ ਧਰਮਿੰਦਰਪਾਲ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਦਹਾਕਿਆਂ ਤੋਂ ਨਹਿਰੀ ਪਾਣੀ ਬੰਦ ਪਿਆ ਹੋਇਆ ਸੀ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤਕ ਪਹੁੰਚਾਉਣ ਦਾ ਪ੍ਰਬੰਧ ਕੀਤਾ। ਉਨ੍ਹਾਂ ਦੀਆਂ ਜਿਣਸਾਂ ਮੰਡੀਆਂ ’ਚ ਆਉਣ ਸਾਰ ਚੁੱਕਣ ਤੇ ਉਨ੍ਹਾਂ ਦੇ ਭੁਗਤਾਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਮਜ਼ਦੂਰਾਂ ਦੀਆਂ ਉਜ਼ਰਤਾਂ ਵਿਚ ਵਾਧਾ ਕੀਤਾ ਅਤੇ ਛੋਟੇ ਉਦਯੋਗਾਂ ਲਈ ਸਸਤੀ ਬਿਜ਼ਲੀ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਤੋਂ ਇਲਾਵਾ 55 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ’ਤੇ ਬਿਰਾਜਮਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਰੋਜ਼ ਕਿਸੇ ਨਾ ਕਿਸੇ ਪਵਿੱਤਰ ਕਾਰਜ ਦੇ ਉਦਘਾਟਨ ਕਰਦੇ ਹਨ ਅਤੇ ਕਿਸੇ ਕਾਰਜ ਦਾ ਨੀਂਹ ਪੱਥਰ ਰੱਖਦੇ ਹਨ। ਨੰਬਰਦਾਰ ਧਰਮਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਅਤੇ ਐੱਮਐੱਲਏ ਆਪਣੇ ਘਰ ਨਹੀਂ ਬੈਠਦਾ ਸਗੋਂ ਆਪਣੇ ਹਲਕੇ ’ਚ ਵਿਚਰਦਾ ਹੈ। ‘ਆਪ’ ਆਗੂ ਨੇ ਕਿਹਾ ਕਿ ਸੂਬੇ ਦੇ 90 ਫ਼ੀਸਦੀ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਕੀਤੇ ਹਨ, ਇਸ ਨਾਲ ਉਨ੍ਹਾਂ ਦੇ ਘਰ ਖ਼ੁਸ਼ਹਾਲ ਹੋਏ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਪੰਜਾਬ ਵਾਸੀ ਵਿਸਾਰ ਚੁੱਕੇ ਹਨ, ਕਿਉਂਕਿ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਸਨ ਤਾਂ ਇਨ੍ਹਾਂ ਨੇ ਲੋਕਾਂ ਨੂੰ ਵਿਸਾਰਿਆ ਹੋਇਆ ਸੀ। ਨੰਬਰਦਾਰ ਧਰਮਿੰਦਰਪਾਲ ਸਿੰਘ ਤੋਤਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਵੀ ਆਮ ਆਦਮੀ ਪਾਰਟੀ ਦਾ ਹੈ। 2027 ਵਿਚ ਫਿਰ ਆਪ ਦੀ ਸਰਕਾਰ ਕਾਇਮ ਹੋਵੇਗੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਰ ਤੋਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋਣਗੇ।