ਸਵਰਨ ਗੁਲਾਟੀ, ਮੋਗਾ : ਥਾਣਾ ਮੈਹਣਾ ਦੇ ਅਧੀਨ ਪੈਂਦੇ ਪਿੰਡ ਰੌਲੀ ਵਿਖੇ ਰੰਜਿਸ਼ ਕਾਰਨ ਇਕ ਵਿਅਕਤੀ ਨੇ ਘਰ ਵਿਚ ਵੜ ਕੇ ਬਜ਼ੁਰਗ ਔਰਤ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

ਥਾਣਾ ਮੈਹਣਾ ਦੇ ਇੰਚਾਰਜ ਐੱਸਆਈ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਜੀਤ ਸਿੰਘ ਵਾਸੀ ਪਿੰਡ ਰੌਲੀ ਵੱਲੋਂ ਪੁਲਿਸ ਦਿੱਤੇ ਬਿਆਨ ਵਿਚ ਕਿਹਾ ਕਿ 17 ਅਪ੍ਰੈਲ ਦੀ ਸ਼ਾਮ ਨੂੰ ਉਸ ਦੀ ਤਬੀਅਤ ਖਰਾਬ ਹੋਣ ਕਰ ਕੇ ਉਹ ਆਪਣੇ ਘਰ ਵਿਚ ਮੌਜੂਦ ਸੀ। ਗੁਆਂਢੀ ਪੇ੍ਮ ਸਿੰਘ ਪੇ੍ਮੂ ਹੱਥ ਵਿਚ ਕੁਹਾੜੀ ਫੜੀ ਉਨ੍ਹਾਂ ਦੇ ਘਰ ਆਇਆ ਤੇ ਉਸ ਦੀ ਮਾਤਾ ਕਰਨੈਲ ਕੌਰ (60) ਨੂੰ ਚੰਗਾ ਮੰਦਾ ਬੋਲਣ ਲੱਗ ਪਿਆ ਮਾਤਾ ਦੀ ਧੌਣ ’ਤੇ ਕੁਹਾੜੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਮਾਤਾ ਨੂੰ ਜ਼ਖ਼ਮੀ ਹਾਲਤ ਵਿਚ ਮੈਡੀਸਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਦੀ ਪਤਨੀ ਘਰੇਲੂ ਕਲੇਸ਼ ਕਾਰਨ ਘਰ ਛੱਡ ਕੇ ਪੇਕੇ ਚਲੀ ਗਈ ਸੀ ਤੇ ਉਹ ਕਰਨੈਲ ਕੌਰ ਨੂੰ ਇਸ ਲਈ ਜ਼ਿੰਮੇਵਾਰ ਸਮਝਦਾ ਸੀ।

Posted By: Jagjit Singh