ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਸਥਾਨਕ ਸ਼ਹਿਰ ਦੇ ਵਾਰਡ ਨੰਬਰ 11 ਵਿਚ ਲੱਗ ਰਹੇ 5 ਜੀ ਮੋਬਾਈਲ ਟਾਵਰ ਦੇ ਵਿਰੋਧ ਵਿਚ ਵਾਰਡ ਵਾਸੀਆਂ ਨੇ ਐੱਸਡੀਐੱਮ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਿਦਆਂ ਟਾਵਰ ਨੂੰ ਹਟਾਏ ਜਾਣ ਦੀ ਮੰਗ ਕੀਤੀ। ਧਰਨੇ ਦੀ ਅਗਵਾਈ ਕਾਮਰੇਡ ਮੰਗਤ ਰਾਏ ਵੱਲੋਂ ਕੀਤੀ ਗਈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਕਾਮਰੇਡ ਮੰਗਤ ਰਾਏ ਨੇ ਦੱਸਿਆ ਕਿ ਉਕਤ ਟਾਵਰ ਲਾਉਣ ਨਾਲ ਜਿਥੇ ਮਨੁੱਖੀ ਜਨਜੀਵਨ ਨੂੰ ਖਤਰਾ ਹੈ ਉੱਥੇ ਪੰਛੀਆਂ ਤੇ ਵੀ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਅਬਾਦੀ ਵਿਚ ਲੱਗ ਰਹੇ ਟਾਵਰ ਦੀਆਂ ਕਿਰਨਾਂ ਨਾਲ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਉਨ੍ਹਾਂ ਕਿਹਾ ਸਮੂਹ ਮਹੱਲਾ ਨਿਵਾਸੀਆਂ ਅਤੇ ਹੋਰਾਂ ਨੇ ਐੱਸਡੀਐੱਮ ਨਿਹਾਲ ਸਿੰਘ ਵਾਲਾ ਨੂੰ ਇਕ ਦਰਖਾਸਤ ਵੀ ਦਿੱਤੀ ਸੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਸਮੂਹ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮਨੁੱਖੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਟਾਵਰ ਨੂੰ ਹਟਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਗੱਲ ਤੇ ਗੌਰ ਨਹੀਂ ਕੀਤਾ ਤਾਂ ਅਸੀਂ ਹੋਰ ਸੰਘਰਸ਼ਸ਼ੀਲ ਜਥੇਬਦੀਆਂ ਨਾਲ ਰਾਬਤਾ ਕਾਇਮ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।