ਪੱਤਰ ਪ੍ਰਰੇਰਕ, ਮੋਗਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸ਼ਨਿੱਚਰਵਾਰ ਨੂੰ ਮੋਗਾ ਦੇ ਮੁੱਖ ਚੌਂਕ ਵਿੱਚ ਖੇਤੀ ਮਾਰੂ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਢੁੱਡੀਕੇ, ਸੂਰਤ ਸਿੰਘ ਧਰਮਕੋਟ, ਭੁਪਿੰਦਰ ਸਿੰਘ ਦੌਲਤਪੁਰਾ, ਜਸਕਰਨ ਸਿੰਘ ਬਹਿਰੂ, ਤੋਤਾ ਸਿੰਘ ਬਹਿਰਾਮਕੇ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰਟ ਘਰਾਣਿਆਂ ਦੀ ਦਲਾਲ ਬਣ ਕੇ ਲੋਕ ਵਿਰੋਧੀ ਕਾਨੂੰਨ ਬਣਾ ਰਹੀ ਹੈ। ਖੇਤੀ ਵਿਰੋਧੀ ਕਾਨੂੰਨ ਦੇਸ਼ ਵਿਰੋਧੀ ਕਾਨੂੰਨ ਹਨ ਇਨਾਂ੍ਹ ਕਾਨੂੰਨਾਂ ਨਾਲ ਖੇਤੀ ਕਾਰਪੋਰੇਟ ਘਰਾਣਿਆਂ ਹੱਥ ਚਲੀ ਜਾਵੇਗੀ ਅਤੇ ਕਿਸਾਨੀ, ਬਜ਼ਾਰ, ਮਜ਼ਦੂਰ, ਖਪਤਕਾਰ ਸਭ ਲੁੱਟੇ ਜਾਣਗੇ। ਆਗੂਆਂ ਨੇ ਕਿਹਾ ਕਿ ਕੇਂਦਰ ਦੇ ਪੁਤਲੇ ਸਾੜਨ ਦਾ ਸਿੱਧਾ ਮਤਲਬ ਇਹ ਹੈ ਕਿ ਦੇਸ਼ ਵਿੱਚ ਖੇਤੀ ਮਾਰੂ ਕਾਨੂੰਨ ਲਿਆਉਣ ਵਾਲੇ, ਬੇਰੁਜ਼ਗਾਰੀ ਵਧਾਉਣ ਵਾਲੇ, ਕਾਰੋਬਾਰ ਠੱਪ ਕਰਨ ਵਾਲੇ, ਵਿੱਦਿਆ ਖੋਹਣ ਵਾਲੇ, ਨਫ਼ਰਤ ਫੈਲਾਉਣ ਵਾਲੇ ਹੁਕਮਰਾਨ ਪ੍ਰਵਾਨ ਨਹੀਂ।

ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਭਾਜਪਾ ਨੇ ਜੋ ਰਵੱਈਆ ਅਪਣਾਇਆ ਹੈ ਉਹ ਸੰਵਿਧਾਨ ਵਿਰੋਧੀ ਹੈ। ਲਖੀਮਪੁਰ ਖੀਰੀ ਵਿੱਚ ਘਰਾਂ ਨੂੰ ਪਰਤਦੇ ਲੋਕਾਂ ਨੂੰ ਗੱਡੀ ਹੇਠ ਕੁਚਲਣਾ ਇਸਦੀ ਤਾਜਾ ਅਤੇ ਿਘਨੌਣੀ ਉਦਾਹਰਣ ਹਨ। ਇਸੇ ਕਰਕੇ ਅਜਿਹੇ ਢੀਠ ਅਤੇ ਵਹਿਸ਼ੀ ਹੁਕਮਰਾਨਾਂ ਨੂੰ ਸੱਤਾ ਉੱਤੇ ਬੈਠੇ ਰਹਿਣ ਦਾ ਕੋਈ ਅਧਿਕਾਰ ਨਹੀਂ। ਅੱਜ ਦੇਸ਼ ਭਰ ਵਿੱਚ ਫੂਕੇ ਜਾ ਰਹੇ ਪੁਤਲੇ ਸਰਕਾਰ ਵਿੱਚ ਬੇਭਰੋਸਗੀ ਜ਼ਾਹਰ ਕਰ ਰਹੇ ਹਨ। ਇੱਥੇ ਚੌਂਕ ਵਿੱਚ ਪੁਤਲਾ ਸਾੜਨ ਵੇਲੇ ਲੋਕਾਂ ਨੇ ਕਾਲੇ ਕਾਨੂੰਨਾਂ ਅਤੇ ਸਰਕਾਰ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਅਗਨ ਭੇਂਟ ਕੀਤਾ। ਕਿਸਾਨ ਆਗੂਆਂ ਨੇ 18 ਅਕਤੂਬਰ ਨੂੰ ਰੇਲ ਜਾਮ ਨੂੰ ਸਫਲ ਕਰਨ ਵਾਸਤੇ ਸਭ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਠੀਕ ਦਸ ਵਜੇ ਰੇਲਵੇ ਸਟੇਸ਼ਨ ਮੋਗਾ ਦੀਆਂ ਰੇਲਵੇ ਲਾਇਨਾਂ ਉੱਤੇ ਪਹੁੰਚਣ।