ਪਵਨ ਗਰਗ, ਬਾਘਾਪੁਰਾਣਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਾਘਾਪੁਰਾਣਾ ਵਿਚ ਆਉਣ ਦੀ ਭਿਣਕ ਜਦੋਂ ਵੱਖ-ਵੱਖ ਜੱਥੇਬੰਦੀਆਂ ਨੂੰ ਪਈ ਤਾਂ ਉਨ੍ਹਾਂ ਨੇ ਆਪੋ-ਆਪਣੇ ਮੰਗ-ਪੱਤਰ ਦੇਣ ਲਈ ਰੈਲੀ ਵਾਲੀ ਥਾਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਪ੍ਰਸ਼ਾਸਨ ਦੀ ਰੋਕ ਕਾਰਨ ਉਨ੍ਹਾਂ ਨੇ ਰੈਲੀ ਦੇ ਬਾਹਰ ਵਾਲੀ ਜਗ੍ਹਾ ’ਤੇ ਆਪੋ-ਆਪਣਾ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਪੀਐੱਸਯੂ, ਈਟੀਟੀ ਅਧਿਆਪਕ ਯੂਨੀਅਨ, ਆਂਗਨਵਾੜੀ ਵਰਕਰ, ਆਸ਼ਾ ਵਰਕਰ, ਟੈਕਨੀਕਲ ਸਰਵਿਸ ਯੂਨੀਅਨ, ਐੱਨਐੱਚਐੱਮ ਸਿਹਤ ਮੁਲਾਜ਼ਮ, ਆਊਟਸੋਰਸਿਜ਼ ਮੁਲਾਜ਼ਮ ਜੱਥੇਬੰਦੀ ਦੇ ਕਾਰੁਕਨਾਂ ਨੇ ਮੋਹਨ ਸਿੰਘ ਦੀ ਅਗਵਾਈ ਵਿਚ ਬਾਹਰ ਖੜ੍ਹ ਕੇ ਰੋਸ ਮੁਜ਼ਾਹਰਾ ਕੀਤਾ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਦਰਅਸਲ, ਜਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਹਾਜ਼ ਉਤਰਿਆ ਤੇ ਮੁੱਖ ਮੰਤਰੀ ਸਟੇਜ ਵੱਲ ਜਾਣ ਲੱਗੇ ਤਾਂ ਜਥੇਬੰਦੀਆਂ ਦੇ ਕਾਰਕੁਨ ਕਾਲੀਆਂ ਝੰਡੀਆਂ ਲੈ ਕੇ ਓਧਰ ਵਧਣ ਲੱਗੇ, ਇਸ ਦੌਰਾਨ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਸਖ਼ਤੀ ਕਾਰਨ ਕਈ ਮੁਜ਼ਾਹਰਾਕਾਰੀਆਂ ਦੀਆਂ ਦਸਤਾਰਾਂ ਤੇ ਚੁੰਨੀਆਂ ਲਹਿ ਗਈਆਂ ਤੇ ਪੁਲਿਸ ਨੇ ਖਿੱਚਧੂਹ ਕਰਦੇ ਹੋਏ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਮੋਹਨ ਸਿੰਘ ਔਲਖ, ਕਮਲ ਬਾਘਾਪੁਰਾਣਾ, ਕਮਲੇਸ਼ ਕੁਮਾਰ ਟੈਕਨੀਕਲ ਸਰਵਿਸ ਯੂਨੀਅਨ, ਪੂਜਾ ਰਾਣੀ, ਵਿਸ਼ਵਦੀਪ ਸਿੰਘ, ਕਰਨਜੀਤ ਸਿੰਘ, ਗੁਰਦੀਪ ਸਿੰਘ, ਸੰਦੀਪ ਸਿੰਘ, ਗੁਰਪਰੇਮ ਸਿੰਘ, ਕ੍ਰਿਸ਼ਨ ਸਿੰਘ ਆਦਿ ਹਾਜ਼ਰ ਸਨ।

Posted By: Jatinder Singh