- ਸਰਬੱਤ ਦਾ ਭਲਾ ਟਰੱਸਟ ਨੇ 148 ਵਿਧਵਾ ਅੌਰਤਾਂ ਤੇ 7 ਲੋੜਵੰਦਾਂ ਨੂੰ ਮਾਸਿਕ ਸਹਾਇਤਾ ਦੇ ਚੈੱਕ ਵੰਡੇ

ਕੈਪਸ਼ਨ : ਮੋਗਾ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰ ਬਜ਼ੁਰਗਾਂ ਨੂੰ ਚੈੱਕ ਤਕਸੀਮ ਕਰਨ ਸਮੇਂ।

ਨੰਬਰ : 12 ਮੋਗਾ 16 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਡਾ. ਐੱਸਪੀ ਸਿੰਘ ਓਬਰਾਏ ਵਲੋਂ ਆਪਣੇ ਸਮਾਜ ਸੇਵੀ ਪ੍ਰੋਜੈਕਟਾਂ ਦੇ ਰਾਹੀਂ ਜੋ ਬਜ਼ੁਰਗਾਂ ਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ, ਇਹ ਇੱਕ ਤਰ੍ਹਾਂ ਨਾਲ ਬਜ਼ੁਰਗਾਂ ਤੇ ਲੋੜਵੰਦਾਂ ਦਾ ਸਨਮਾਨ ਹੈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੇਸ਼ ਦੇ ਬਜੁਰਗ ਤੇ ਲੋੜਵੰਦ ਲੋਕ ਆਪਣੀਆਂ ਲੋੜਾਂ ਲਈ ਕਿਸੇ 'ਤੇ ਨਿਰਭਰ ਹੋਣ ਜਾਂ ਅਪਮਾਨ ਭਰੀ ਜ਼ਿੰਦਗੀ ਜਿਉਣ। ਇਹ ਬਜੁਰਗਾਂ ਅਤੇ ਲੋੜਵੰਦਾਂ ਦਾ ਸਨਮਾਨ ਹੈ, ਜੋ ਡਾ. ਉਬਰਾਏ ਦੀ ਉਚੀ ਸੋਚ ਨੂੰ ਦਰਸਾਉਂਦਾ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਸਿਟੀਜ਼ਨ ਵੈਲਫੇਅਰ ਕੌਂਸਲ ਪੰਜਾਬ ਦੇ ਪੈਟਰਨ ਅਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸਰਦਾਰੀ ਲਾਲ ਕਾਮਰਾ ਨੇ ਅੱਜ ਸਰਬੱਤ ਦਾ ਭਲਾ ਟਰੱਸਟ ਮੋਗਾ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫ਼ਤਰ ਵਿੱਚ ਵਿਧਵਾ ਅਤੇ ਲੋੜਵੰਦਾਂ ਨੂੰ ਮਾਸਿਕ ਸਹਾਇਤਾ ਦੇ ਚੈਕ ਵੰਡਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਧਵਾ ਅੌਰਤਾਂ ਦੇ ਬੱਚੇ ਛੋਟੇ ਹਨ ਅਤੇ ਉਹ ਅੱਗੇ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ, ਉਨ੍ਹਾਂ ਲਈ ਸਮਾਜ ਵਿੱਚ ਰਹਿਣਾ ਹੀ ਇੱਕ ਵੱਡੀ ਚੁਣੌਤੀ ਹੈ, ਜਿੰਦਗੀ ਜਿਉਣ ਲਈ ਹੀਲਾ ਕਰਨਾ ਤਾਂ ਉਸ ਤੋਂ ਵੀ ਵੱਡੀ ਚੁਣੌਤੀ ਹੈ ਪਰ ਡਾ. ਓਬਰਾਏ ਵੱਲੋਂ ਕੀਤੀ ਜਾ ਰਹੀ ਸਹਾਇਤਾ ਨਾਲ ਉਹ ਦੋਨੋਂ ਚੁਣੌਤੀਆਂ ਦਾ ਆਸਾਨੀ ਨਾਲ ਸਾਹਮਣਾ ਕਰਨ ਦੇ ਯੋਗ ਹੋ ਜਾਂਦੀਆਂ ਹਨ। ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਟਰੱਸਟ ਦੇ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹੀਨੇ ਤੋਂ ਅੱਖਾਂ ਦੇ ਮੁਫਤ ਕੈਂਪ ਸ਼ੁਰੂ ਹੋ ਰਹੇ ਹਨ, ਜੋ ਮਾਰਚ ਮਹੀਨੇ ਤੱਕ ਜਾਰੀ ਰਹਿਣਗੇ ਤੇ ਇਸ ਦੌਰਾਨ ਛੇ ਪਿੰਡਾਂ ਵਿੱਚ ਅੱਖਾਂ ਦੇ ਮੁਫਤ ਲੈਂਜ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਪਿੰਡਾਂ ਦੀਆ ਕਲੱਬਾਂ ਅਤੇ ਪੰਚਾਇਤਾਂ ਨੂੰ ਅੱਖਾਂ ਦੇ ਮੁਫਤ ਕੈਂਪ ਲਗਵਾਉਣ ਲਈ ਅਰਜੀਆਂ ਭੇਜਣ ਦੀ ਮੰਗ ਕੀਤੀ।

ਇਸ ਮੌਕੇ ਸੰਸਥਾ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਦਿਲ ਖੋਲ੍ਹ ਕੇ ਮੱਦਦ ਕੀਤੀ ਹੈ। ਟਰੱਸਟ ਵੱਲੋਂ ਪਹਿਲਾਂ ਇਨ੍ਹਾਂ ਪਿੰਡਾਂ ਵਿੱਚ ਪਹਿਲਾਂ ਮੈਡੀਕਲ ਕੈਂਪ ਲਗਾਏ ਗਏ, ਫਿਰ ਪਸ਼ੂਆਂ ਦੀਆਂ ਦਵਾਈਆਂ ਅਤੇ ਫੀਡ ਵਗੈਰਾ ਵੰਡੀ ਗਈ ਅਤੇ ਹੁਣ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਸਰਦੀ ਤੋਂ ਬਚਾਉਣ ਲਈ ਕੰਬਲ ਵੰਡੇ ਜਾਣਗੇ, ਜਿਸ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਦਾਰੀ ਲਾਲ ਕਾਮਰਾ, ਸਮਾਜ ਸੇਵੀ ਗਗਨ ਨੌਹਰੀਆ, ਨੀਰਜ਼ ਬਠਲਾ, ਗੁਰਨਾਮ ਸਿੰਘ ਲਵਲੀ, ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਦਰਸ਼ਨ ਸਿੰਘ ਲੋਪੋ, ਸੁਖਦੇਵ ਸਿੰਘ ਬਰਾੜ, ਰਣਜੀਤ ਸਿੰਘ ਧਾਲੀਵਾਲ, ਜਸਵੀਰ ਸਿੰਘ ਜੱਸੀ ਦੀਨਾ ਸਾਹਿਬ, ਲਖਵਿੰਦਰ ਸਿੰਘ, ਜਸਵੰਤ ਸਿੰਘ ਪੁਰਾਣੇਵਾਲਾ, ਸੁਖਵਿੰਦਰ ਕੌਰ ਝੰਡੇਆਣਾ, ਦਫਤਰ ਇੰਚਾਰਜ ਜਸਵੀਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਅੌਰਤਾਂ ਹਾਜ਼ਰ ਸਨ।