ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸਾਰੇ ਡਿਪੂ ਵੀਰਵਾਰ ਨੂੰ ਅਚਨਚੇਤ ਬੰਦ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਕੈਸ਼ੀਅਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋਂ ਪਨਬੱਸ ਮੁਲਾਜ਼ਮਾਂ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਕੀਤੇ ਗਏ ਫੈਸਲੇ ਅਨੁਸਾਰ ਸ਼ਰਾਰਤ ਤੇ ਕੋਝੀ ਸਾਜ਼ਿਸ਼ ਤਹਿਤ ਕੁੱਝ ਆਰਡਰ ਬਦਲ ਦਿੱਤੇ ਗਏ ਜਿਸ ਕਾਰਨ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨਾਲ ਵਾਰ-ਵਾਰ ਫੋਨ ’ਤੇ ਸੰਪਰਕ ਕੀਤਾ ਕਿ ਇਹ ਸਰਾਸਰ ਧੱਕੇਸ਼ਾਹੀ ਹੈ ਅਤੇ ਇਹ ਗੈਰ ਕਾਨੂੰਨੀ ਆਰਡਰ ਹਨ।

ਇਨ੍ਹਾਂ ਆਰਡਰਾਂ ਨੂੰ ਵਾਪਸ ਕੀਤਾ ਜਾਵੇ ਪਰ ਉੱਚ ਅਧਿਕਾਰੀਆਂ ਨੇ ਇੱਕ ਨਾ ਸੁਣੀ। ਫਿਰ ਮਜਬੂਰੀ ਵਿੱਚ ਮੁਲਾਜ਼ਮਾਂ ਨੇ ਨੋਟਿਸ ਜਾਰੀ ਕਰਕੇ ਤੁਰੰਤ ਡਿਪੂ ਬੰਦ ਕਰ ਦਿੱਤੇ। ਮਹਿਕਮੇ ਨੇ ਇਹ ਡਿਪੂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬੰਦ ਕਰਵਾ ਕੇ ਪਨਬੱਸ ਮੁਲਾਜ਼ਮਾਂ ਨੂੰ ਬਦਨਾਮ ਕਰਨ ਅਤੇ ਪ੍ਰਾਈਵੇਟ ਬੱਸਾਂ ਨੂੰ ਮੁਨਾਫਾ ਦੇਣ ਦੀ ਚਾਲ ਚੱਲੀ ਸੀ।

ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਅਧਿਕਾਰੀਆਂ ਦੀ ਚਾਲ ਸਮਝ ਗਏ ਸਨ, ਜਿਸ ਕਰ ਕੇ ਉਨ੍ਹਾਂ ਨੇ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਸੀ। ਸਾਰੇ ਡਿਪੂ ਬੰਦ ਹੋਣ ਤੇ ਸਾਰਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਕੀਤੇ ਗਏ ਆਰਡਰ ਵਾਪਸ ਲੈਣੇ ਸ਼ੁਰੂ ਹੋ ਗਏ ਪਰ ਨਵਾਂਸ਼ਹਿਰ ਡਿਪੂ ਦੇ ਜਨਰਲ ਮੈਨੇਜਰ ਰਾਜੀਵ ਕੁਮਾਰ ਦੱਤਾ ਨੇ ਹੈੱਡ ਆਫਿਸ ਦੇ 3 ਵਜੇ ਦੇ ਆਏ ਆਰਡਰਾਂ ਨੂੰ 6 ਵਜੇ ਤਕ ਅੱਗੇ ਨਹੀਂ ਕੀਤਾ ਜਿਸ ਕਾਰਨ ਇੱਕ ਅਧਿਕਾਰੀ ਕਾਰਨ ਪਨਬੱਸ ਦੇ ਸਾਰੇ ਡਿਪੂ ਬੰਦ ਰਹੇ ਤੇ ਮਹਿਕਮੇ ਦਾ ਲੱਖਾਂ ਰੁਪਏ ਦਾ ਨੁਕਸਾਨ ਇੱਕ ਜਨਰਲ ਮੈਨੇਜਰ ਕਾਰਨ ਹੋਇਆ ਜੋ ਆਪਣੇ ਆਪ ਨੂੰ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ, ਟਰਾਂਸਪੋਰਟ ਮੰਤਰੀ ਪੰਜਾਬ, ਸੈਕਟਰੀ ਸਟੇਟ ਟਰਾਂਸਪੋਰਟ ਪੰਜਾਬ, ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਨਾਲੋਂ ਵੀ ਉੱਪਰ ਸਮਝਦਾ ਹੈ ਤੇ ਪ੍ਰਾਈਵੇਟ ਬੱਸਾਂ ਨੂੰ ਲਾਭ ਦੇਣ ਕਾਰਨ ਉਚ ਅਧਿਕਾਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦਾ ਹੈ।

ਸਰਕਾਰ ਦੇ ਭਰੋਸੇ ਉਪਰੰਤ ਖੋਲ੍ਹ ਦਿੱਤੀ ਸੀ ਹੜਤਾਲ

ਡਿਪੂ ਕਨਵੀਨਰ ਬਚਿੱਤਰ ਸਿੰਘ ਸੰਧਾ ਤੇ ਡਿਪੂ ਸੈਕਟਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਕਾ ਕਰਨ ਦੇ ਦਿੱਤੇ ਭਰੋਸੇ ਕਿ 8 ਦਿਨਾਂ ਵਿੱਚ ਹੱਲ ਕੱਢਦੇ ਹਾਂ ’ਤੇ ਮੁਲਾਜ਼ਮਾਂ ਨੇ ਲੋਕਾਂ ਦੀ ਸੇਵਾ ਲਈ ਹੜਤਾਲ ਖੋਲ੍ਹ ਦਿੱਤੀ ਸੀ ਪਰ ਅਧਿਕਾਰੀ ਇਸ ਅਦਾਰੇ ਨੂੰ ਬੰਦ ਕਰਨਾ ਚਾਹੁੰਦੇ ਹਨ ਜਿਸ ਤਹਿਤ ਨਿੱਤ ਵਰਕਰਾਂ ਨੂੰ ਤੰਗ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਕਰ ਕੇ ਕੁੱਝ ਅਫਸਰਾਂ ਨੂੰ ਇਸ ਅਦਾਰੇ ਨਾਲੋਂ ਪ੍ਰਾਈਵੇਟ ਦਾ ਵੱਧ ਫ਼ਿਕਰ ਹੈ। ਅਫਸਰ ਵਿਹਲੇ ਬੈਠੇ ਹਨ ਅਤੇ ਪ੍ਰਾਈਵੇਟ ਬੱਸਾਂ ਨੂੰ ਨੱਥ ਪਾਉਣ ਦੀ ਥਾਂ ਮਹਿਕਮਾ ਬੰਦ ਕਰਨ ਵਿੱਚ ਲੱਗੇ ਹਨ। ਅਜਿਹੇ ਅਫਸਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Posted By: Jagjit Singh