ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਟਿੱਕਟਾਕ ਤੋਂ ਸਟਾਰ ਬਣੀ ਨੰਨੀ ਕੁੜੀ ਨੂਰ (ਖੁਸ਼ਪ੍ਰੀਤ ਕੌਰ) ਟਿੱਕਟਾਕ 'ਤੇ ਪਾਬੰਦੀ ਤੋਂ ਬਾਅਦ ਹੁਣ ਯੂ-ਟਿਊਬ ਅਤੇ ਇਂਸਟਾਗ੍ਰਾਮ 'ਤੇ ਵਿਖੇਗੀ। ਆਪਣੇ ਪਿਤਾ ਸਤਨਾਮ ਸਿੰਘ, ਵੱਡੀ ਭੈਣ ਜਸ਼ਨਪ੍ਰੀਤ ਤੇ ਵੀਡੀਓ ਵਿੱਚ ਡਾਕਟਰ ਦਾ ਰੋਲ ਨਿਭਾਉਣ ਵਾਲੇ ਟੀਮ ਮੈਂਬਰ ਕੇਵਲ ਸਿੰਘ ਨਾਲ ਲੁਧਿਆਣਾ ਦੇ ਘੰਟਾ ਘਰ ਸਥਿਤ ਪਾਰਸ ਡਿਜ਼ਾਇਨਰ ਸਟੂਡੀਓ ਪੁੱਜੀ ਨੂਰ ਨੇ ਉਪਰੋਕਤ ਜਾਣਕਾਰੀ ਸਾਂਝੀ ਕੀਤੀ। ਨੂਰ ਨੇ ਕਿਹਾ ਕਿ ਉਸਨੇ ਬਕਾਇਦਾ ਇਂਸਟਾਗ੍ਰਾਮ ਪੇਜ ਬਣਾ ਲਿਆ ਹੈ ਅਤੇ ਯੂ-ਟਿਊਬ ਤੇ ਇਂਸਟਾਗ੍ਰਾਮ ਤੇ 10 ਦੇ ਕਰੀਬ ਵੀਡੀਓਜ਼ ਵੀ ਅਪਲੋਡ ਕਰ ਦਿੱਤੀਆਂ ਹਨ। ਚਾਰ ਮਿਲੀਅਨ ਫਾਲਰਜ਼ ਆਪਣੇ ਨਾਲ ਜੋੜਨ ਵਾਲੀ ਟਿਕਟਾਕ ਸਟਾਰ 5 ਸਾਲਾਂ ਨੂਰ ਨੇ ਦੱਸਿਆ ਕਿ ਹਰ ਡਾਇਲਾਗ ਨੂੰ ਉਹ 15 ਮਿੰਟ ਤੋਂ ਵੀ ਪਹਿਲਾਂ ਯਾਦ ਕਰ ਲੈਂਦੀ ਹੈ। ਇਸ ਦੌਰਾਨ ਨੂਰ ਨੇ ਆਪਣੀਆਂ ਵੱਖ-ਵੱਖ ਵੀਡੀਓਜ਼ ਵਿੱਚੋਂ ਦੋ ਤਾਰਾਂ ਪਿੱਤਲ ਦੀਆਂ ਜਦੋਂ ਤੁਸੀਂ ਪੜ੍ਹਾਉਂਦੇ ਹੋਏ ਸਾਡੇ ਮੂੰਹੋਂ ਗਾਲਾਂ ਨਿਕਲਦੀਆਂ ਸਮੇਤ ਕੁੱਝ ਡਾਇਲਾਗ ਵੀ ਬੋਲ ਕੇ ਸੁਣਾਏ।

ਇਸ ਮੌਕੇ ਨੂਰ ਦੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਅਜੇ ਨੂਰ ਦੀ ਪੜਨ ਦੀ ਉਮਰ ਹੈ, ਇਸ ਕਾਰਨ ਪਰਿਵਾਰ ਦਾ ਬਹੁਤਾ ਧਿਆਨ ਇਸ ਵੇਲੇ ਨੂਰ ਦੀ ਪੜਾਈ ਤੇ ਕੇਂਦਰਤ ਹੈ। ਪਿੰਡ ਦੇ ਬਹੁਤ ਬੱਚੇ ਨੂਰ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਵੀਡੀਓਜ਼ ਬਣਾ ਰਹੇ ਹਨ। ਨੂਰ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਨੂਰ ਦਾ ਪਿਤਾ ਹੈ ਜਿਸ ਨੇ ਆਪਣੀ ਕਲਾ ਨਾਲ ਉਸ ਨੂੰ ਸਮਾਜ ਦੀਆਂ ਅਹਿਮ ਸ਼ਖ਼ਸੀਅਤਾਂ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚੋਂ ਦਰਸ਼ਕਾਂ ਦਾ ਜਿੰਨ੍ਹਾਂ ਪਿਆਰ ਨੂਰ ਨੂੰ ਮਿਲ ਰਿਹਾ ਹੈ ਉਸ ਲਈ ਉਹ ਸਭ ਦੇ ਸ਼ੁਕਰਗੁਜ਼ਾਰ ਹਨ ਅਤੇ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ।

Posted By: Amita Verma