- ਅਧਿਕਾਰੀਆਂ ਨੂੰ ਕੰਬਾਇਨਾਂ ਦੇ ਨਾਲ ਐਸ.ਐਮ.ਐਸ. ਦੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼

ਕੈਪਸ਼ਨ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ।

ਨੰਬਰ : 15 ਮੋਗਾ 19 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਗਉਣ ਵਾਲੇ ਜ਼ਮੀਨ ਮਾਲਕਾਂ ਦੇ ਮਾਲ ਵਿਭਾਗ ਰਿਕਾਰਡ 'ਚ ਰੈਡ ਐਂਟਰੀ ਕੀਤੀ ਜਾਵੇਗੀ, ਜਿਸ ਨਾਲ ਉਹ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਦੇ ਲਾਭਾਂ ਤੋਂ ਵਾਂਝੇ ਰਹਿਣਗੇ। ਇਹ ਹਦਾਇਤ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਪਰਾਲੀ ਨੂੰ ਨਾ ਸਾੜ ਕੇ ਉਸਦੇ ਸੁਚੱਜੇ ਪ੍ਰਬੰਧਨ ਕਰਨ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ।

ਡਿਪਟੀ ਕਮਿਸ਼ਨਰ ਨੇ ਹਾਜ਼ਰ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਖੇਤੀਬਾੜੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕੰਬਾਇਨਾਂ ਦੇ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਦੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਐਸ.ਐਮ.ਐਸ. ਤੋਂ ਬਿਨ੍ਹਾਂ ਚੱਲਣ ਵਾਲੀਆਂ ਕੰਬਾਇਨਾਂ ਤੁਰੰਤ ਜ਼ਬਤ ਕੀਤੀਆਂ ਜਾਣ ਅਤੇ ਕੰਬਾਇਨ ਮਾਲਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਬੀਤੇ ਦਿਨ ਝੋਨਾ ਕੱਟਣ ਵਾਲੀਆਂ ਕੰਬਾਇਨਾਂ ਦੀ ਅਚਨਚੇਤ ਚੈਕਿੰਗ ਦੌਰਾਨ ਮੋਗਾ ਦੇ ਪਿੰਡ ਬੁੱਘੀਪੁਰਾ ਵਿੱਚ ਇੱਕ ਕੰਬਾਇਨ ਨੰਬਰ ਪੀ.ਜੇ.ਐਨ 7355 ਜਿਸ ਦੇ ਨਾਲ ਸਟਰਾਅ ਮੈਨੇਜਮੈਂਟ ਸਿਸਟਮ ਲੱਗਿਆ ਤਾਂ ਹੋਇਆ ਸੀ ਪਰ ਚੱਲ ਨਹੀਂ ਰਿਹਾ ਸੀ, ਦੇ ਮਾਲਕ ਪਰੇਮ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਜ਼ਿਲ੍ਹੇ ਦੀ ਹਦੂਦ ਅੰਦਰ ਬਿਨ੍ਹਾਂ ਮਨਜੂਰੀ ਤੋਂ ਪੈਡੀ ਸਟਰਾਅ ਰੀਪਰ ਚਲਾਉਣ 'ਤੇ ਪਹਿਲਾਂ ਹੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜ਼ਮੀਨ ਮਾਲਕ ਬਿਨ੍ਹਾਂ ਮਨਜੂਰੀ ਤੋਂ ਪੈਡੀ ਸਟਰਾਅ ਰੀਪਰ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਰੀਪਰ ਚਲਾਉਣ ਵਾਲੇ ਕਿਸਾਨ ਅਤੇ ਰੀਪਰ ਦੇ ਮਾਲਕ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਮੀਟਿੰਗ ਵਿੱਚ ਐਸ.ਡੀ.ਐਮ. ਧਰਮਕੋਟ ਨਰਿੰਦਰ ਸਿੰਘ ਧਾਲੀਵਾਲ ਅਤੇ ਐਸ.ਡੀ.ਐਮ. ਬਾਘਾਪੁਰਾਣਾ ਸਵਰਨਜੀਤ ਕੌਰ, ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਰਾਮ ਸਿੰਘ, ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਬਰਾੜ, ਖੇਤੀਬਾੜੀ ਵਿਕਾਸ ਅਫ਼ਸਰ ਕੁਲਦੀਪ ਸਿੰਘ ਬੁੱਟਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਗਤਾਰ ਸਿੰਘ ਸਿੱਧੂ, ਜਿਲ੍ਹੇ ਦੇ ਸਮੂਹ ਤਹਿਸੀਲਦਾਰ/ਨਾਇਬ ਤਹਿਸੀਲਦਾਰ ਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਾਜ਼ਰ ਸਨ।