ਸਾਲ 2018 ਵਿੱਚ ਰਣਸੀਂਹ ਕਲਾਂ ਪਿੰਡ ਵਿੱਚ 95 ਫੀਸਦੀ ਤੋਂ ਵੱਧ ਕਿਸਾਨਾਂ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਹੀਂ ਲਗਾਈ ਅੱਗ

ਕੈਪਸ਼ਨ : ਪਿੰਡ ਰਣਸੀਂਹ ਕਲਾਂ ਦੇ ਸਾਬਕਾ ਸਰਪੰਚ ਪ੍ਰਰੀਤਇੰਦਪਾਲ ਸਿੰਘ।

ਨੰਬਰ : 22 ਮੋਗਾ 6 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੇ ਸਾਬਕਾ ਸਰਪੰਚ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਇਸ ਪਿੰਡ ਦੇ ਵਾਸੀਆਂ ਨੇ ਕਣਕ ਦੀ ਫਸਲ ਨੂੰ ਕਾਸ਼ਤ ਕਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਪੱਖੀ ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।

ਪ੍ਰਰੀਤਇੰਦਰਪਾਲ ਸਿੰਘ, (29), ਜਿਸ ਨੂੰ ਰਣਸੀਹ ਕਲਾਂ ਦੇ ਪਿੰਡ ਵਾਸੀਆਂ ਨੇ 2013 ਵਿੱਚ ਪਿੰਡ ਦਾ ਸਰਪੰਚ ਚੁਣਿਆ, ਨੇ ਦੱਸਿਆ ਕਿ ਸਰਪੰਚ ਬਣਨ ਤੋਂ ਬਾਅਦ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਇਹ ਪ੍ਰਕਿਰਿਆ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੇ ਨਾਲ-ਨਾਲ ਪਿੰਡ ਵਾਸੀਆਂ ਲਈ ਬਿਮਾਰੀਆਂ ਨੂੰ ਵੀ ਸੱਦਾ ਦੇ ਰਹੀ ਹੈ ਤਾਂ ਉਨ੍ਹਾਂ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਣ ਕਰਕੇ ਮੈਂ ਪਿੰਡ ਵਿੱਚ ਤਬਦੀਲੀ ਲਿਆਉਣਾ ਚਾਹੁੰਦਾ ਸੀ ਅਤੇ ਪਿੰਡ ਵਾਸੀਆਂ ਲਈ ਇੱਕ ਸਿਹਤਮੰਦ ਵਾਤਾਵਰਣ ਬਣਾਉਣਾ ਚਾਹੁੰਦਾ ਸੀ ਤਾਂ ਮੈਂ ਆਪਣੇ ਖੇਤ ਵਿੱਚ ਪਰਾਲੀ ਨੂੰ ਨਾ ਸਾੜ ਕੇ ਇਹ ਮੁਹਿੰਮ ਸ਼ੁਰੂ ਕੀਤੀ।

ਪ੍ਰਰੀਤਇੰਦਰ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਉਸਨੇ ਪਿੰਡ ਵਿੱਚ ਆਪਣੇ ਦੋਸਤਾਂ ਨਾਲ ਮਿਲ ਕੇ ਪਿੰਡ ਵਾਸੀਆਂ ਵਿੱਚ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਮੈਨੂੰ ਖੁਸ਼ੀ ਹੈ ਕਿ ਜਿਸ ਮੁਹਿੰਮ ਦੀ ਅਸੀਂ ਸ਼ੁਰੂਆਤ ਕੀਤੀ ਸੀ, ਉਹ ਆਖਰਕਾਰ ਰੰਗ ਲਿਆਈ ਅਤੇ ਸਾਲ 2018 ਵਿੱਚ ਉਨ੍ਹਾਂ ਦੇ ਪਿੰਡ ਦੇ ਘੱਟੋ ਘੱਟ 95 ਫੀਸਦੀ ਕਿਸਾਨਾਂ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਖੇਤ ਵਿੱਚ ਹੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਵਾਹ ਦਿੱਤਾ।

ਉਨ੍ਹਾਂ ਦੱਸਿਆ ਕਿ ਪਰਾਲੀ ਨਾ ਸਾੜਨ ਨਾਲ ਨਾ ਸਿਰਫ ਪਿੰਡ ਵਾਸੀਆਂ ਨੂੰ ਬਿਮਾਰੀਆਂ ਅਤੇ ਵਾਤਾਵਰਣ ਨੂੰ ਪ੍ਰਦੂੱਣ ਤੋਂ ਬਚਾਇਆ ਬਲਕਿ ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਵਾਹੁਣ ਨਾਲ ਕਣਕ ਦੇ ਝਾੜ ਵਿੱਚ ਦੋ ਤੋਂ ਤਿੰਨ ਕੁਇੰਟਲ ਦਾ ਵਾਧਾ ਵੀ ਹੋਇਆ ਹੈ।

ਮੁੱਖ ਖੇਤੀਬਾੜੀ ਅਫਸਰ ਮੋਗਾ ਡਾ: ਬਲਵਿੰਦਰ ਸਿੰਘ ਨੇ ਪ੍ਰਰੀਤ ਇੰਦਰਪਾਲ ਸਿੰਘ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕ ਸਮੇਂ ਦੀ ਮੰਗ ਹੈ ਕਿ ਅਜਿਹੇ ਨੌਜਵਾਨ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਅੱਗੇ ਆਉਣ।

ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਵਿਭਾਗ ਨੇ ਪੰਜਾਬ ਨੂੰ 'ਜੀਰੋ ਪਰਾਲੀ ਸਾੜਨ ਵਾਲਾ ਸੂਬਾ' ਬਣਾਉਣ ਲਈ ਇੱਕ ਵਿਸ਼ਾਲ ਮੁਹਿੰਮ ਵੀ ਆਰੰਭੀ ਹੈ ਅਤੇ ਕਿਸਾਨਾਂ ਨੂੰ ਭਾਰੀ ਸਬਸਿਡੀਆਂ ਵਾਲੇ ਖੇਤੀ ਮਸ਼ੀਨਾਂ/ਖੇਤੀ ਦੇ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਸੀਜਨ ਵਿੱਚ 10.42 ਕਰੋੜ ਰੁਪਏ ਦੇ ਸਬਸਿਡੀ ਨਾਲ 600 ਤੋਂ ਵੱਧ ਖੇਤੀ ਉਪਕਰਣ ਮੁਹੱਈਆ ਕਰਵਾਏ ਜਾਣ ਦੀ ਉਮੀਦ ਹੈ।

ਡਾ. ਬਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਪੰਜਾਬ ਨੂੰ ਪਰਾਲੀ ਸਾੜਨ ਮੁਕਤ ਸੂਬਾ ਬਣਾਇਆ ਜਾ ਸਕੇ।