ਸਵਰਨ ਗੁਲਾਟੀ, ਮੋਗਾ : ਕਸਬਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਿਢਲਵਾਂਵਾਲਾ ਵਾਸੀ ਵਿਦੇਸ਼ ਅਮਰੀਕਾ ਰਹਿੰਦੇ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਉਸ ਦੀ 59 ਕਨਾਲ 12 ਮਰਲੇ ਜ਼ਮੀਨ ਦਾ ਇਕਰਾਰਨਾਮਾ 13 ਲੱਖ ਰੁਪਏ ਵਿਚ ਕਰਨ ਤੋਂ ਬਾਅਦ ਜ਼ਮੀਨ ਦੀ ਰਜਿਸਟਰੀ ਨਾ ਕਰਵਾਉਣ ਦੇ ਦੋਸ਼ 'ਚ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਹਮੀਰ ਸਿੰਘ ਪੁੱਤਰ ਮਾਹਲਾ ਸਿੰਘ ਵਾਸੀ ਪਿੰਡ ਥਰਾਜ ਜ਼ਿਲ੍ਹਾ ਮੋਗਾ ਵੱਲੋਂ ਐੱਸਐੱਸਪੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਹ ਜ਼ਮੀਨ ਖਰੀਦਣ ਦਾ ਚਾਹਵਾਨ ਸੀ ਤੇ ਉਸ ਨੂੰ ਇੰਦਰਜੀਤ ਸਿੰਘ ਵਾਸੀ ਬਹੀਲਾ, ਟੱਲੇਵਾਲਾ ਜ਼ਿਲ੍ਹਾ ਬਰਨਾਲਾ, ਸੂਬਾ ਸਿੰਘ ਵਾਸੀ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਅਤੇ ਜਗਦੀਸ਼ ਸਿੰਘ ਵਾਸੀ ਸਮਾਲਸਰ ਤਿੰਨਾਂ ਨੇ ਮਿਲ ਕੇ, ਜਸਵਿੰਦਰ ਸਿੰਘ ਵਾਸੀ ਪਿੰਡ ਿਢਲਵਾਂਵਾਲਾ ਹਾਲ ਵਾਸੀ ਵਿਦੇਸ਼ ਅਮਰੀਕਾ ਦੀ ਸਹਿਮਤੀ ਤੋਂ ਬਿਨਾਂ ਉਸ ਦੀ 59 ਕਨਾਲ 12 ਮਰਲੇ ਜ਼ਮੀਨ ਦਾ ਇਕਰਾਰਨਾਮਾ 13 ਲੱਖ ਵਿਚ ਉਸ ਨਾਲ ਕਰ ਲਿਆ ਅਤੇ ਬਾਅਦ ਵਿਚ ਰਜਿਸਟਰੀ ਨਾ ਕਰਵਾ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਐੱਸਐੱਸਪੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਇੰਚਾਰਜ ਈਓ ਵਿੰਗ ਮੋਗਾ ਨੂੰ ਆਦੇਸ਼ ਦਿੱਤੇ। ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਸ਼ਿਕਾਇਤ ਕਰਤਾ ਵੱਲੋਂ ਲਾਏ ਦੋਸ਼ ਸਹੀ ਪਾਏ ਜਾਣ 'ਤੇ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।