ਪਵਨ ਗਰਗ, ਬਾਘਾਪੁਰਾਣਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ, ਅੌਰਤ ਵਿੰਗ ਬਲਾਕ ਬਾਘਾਪੁਰਾਣਾ ਦੀ ਮੀਟਿੰਗ ਬਲਾਕ ਮੀਤ ਪ੍ਰਧਾਨ ਮੋਹਲਾ ਸਿੰਘ ਦੀ ਅਗਵਾਈ ਹੇਠ ਪਿੰਡ ਰੋਡੇ ਵਿਖੇ ਹੋਈ।

ਇਸ ਮੌਕੇ ਇਕਾਈ ਆਗੂਆਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ, ਯੂਥ ਆਗੂ ਬਲਕਰਨ ਸਿੰਘ ਵੈਰੋਕੇ ਨੇ ਕਿਹਾ ਕਿ ਅੱਜ ਤੋਂ ਦੋ ਸਾਲ ਪਹਿਲੇ 26 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਲੋਕਾਂ ਨੇ ਦਿੱਲੀ ਵੱਲ ਕੂਚ ਕੀਤਾ ਸੀ ਤੇ 27 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਰੂਪ ਵਿਚ ਸਿੱਘੂ, ਟਿੱਕਰੀ ਤੇ ਗਾਜੀਪੁਰ ਬਾਰਡਰਾਂ 'ਤੇ ਪੱਕੇ ਮੋਰਚੇ ਲੱਗੇ ਸਨ, ਜੋ ਤਕਰੀਬਨ ਇਕ ਸਾਲ ਤੇ ਤੇਰਾਂ ਦਿਨ ਦਿੱਲੀ ਨੂੰ ਚਾਰ ਚੁਫੇਰਿਓ ਘੇਰ ਕੇ ਚੱਲੇ, ਜਿਸ ਵਿਚ ਤਕਰੀਬਨ 750 ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ। ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਤਿੰਨ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ, ਇਸ ਦੌਰਾਨ ਸੰਯੁਕਤ ਮੋਰਚੇ ਦੀ ਕੇਂਦਰ ਸਰਕਾਰ ਨਾਲ ਐਮਐਸਪੀ, ਕਿਸਾਨਾਂ ਤੇ ਦਰਜ ਕੇਸ ਰੱਦ ਕਰਨ, ਸਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ, ਲਖੀਮਪੁਰ ਖੀਰੀ ਦੇ ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾ, ਝੂਠੇ ਕੇਸ ਵਿਚ ਬੰਦ ਕਿਸਾਨਾਂ ਨੂੰ ਰਿਹਾਅ ਕਰਨਾ ਆਦਿ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਸੀ, ਪਰ ਕੇਂਦਰ ਸਰਕਾਰ ਨੇ ਸੰਯੁਕਤ ਮੋਰਚੇ ਨਾਲ ਧੋ੍ਹ ਕਮਾਇਆ, ਵਿਸ਼ਵਾਸ਼ਘਾਤ ਕੀਤਾ ਅਤੇ ਜਿੰਨਾਂ ਮੰਗਾਂ 'ਤੇ ਸਹਿਮਤੀ ਬਣੀ ਸੀ, ਉਹ ਹਾਲੇ ਵੀ ਵਿਚ ਵਿਚਾਲੇ ਹੀ ਲਟਕ ਰਹੀਆਂ ਹਨ। ਇਨ੍ਹਾਂ ਸਾਰੀਆ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ 'ਤੇ 26 ਨਵੰਬਰ ਨੂੰ ਚੰਡੀਗੜ੍ਹ ਚੱਲੋ ਦਾ ਸੰਯੁਕਤ ਮੋਰਚੇ ਵੱਲੋਂ ਸੱਦਾ ਦਿੱਤਾ ਗਿਆ ਤੇ ਪੂਰੇ ਭਾਰਤ ਵਿਚ ਕਿਸਾਨਾਂ ਵੱਲੋਂ ਸਾਰੇ ਸੂਬਿਆਂ ਦੇ ਰਾਜਭਵਨ ਵੱਲ ਕੂਚ ਕਰਨ ਉਪਰੰਤ ਮੰਗ ਪੱਤਰ ਸੌਂਪੇ ਜਾਣਗੇ।