ਵਕੀਲ ਮਹਿਰੋਂ ਮੋਗਾ : ਮੋਗਾ ਦੇ ਪਿੰਡ ਦੁੱਨੇਕੇ ਵਿਖੇ ਵਾਹਨਾਂ ਦੇ ਪਾਸਿੰਗ ਨੂੰ ਲੈ ਕੇ ਟਰਾਂਸਪੋਰਟਰਾਂ ਵੱਲੋਂ ਧਰਨਾ ਲਾ ਕੇ ਹਾਈਵੇ ਜਾਮ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੱਡੀਆਂ ਦੇ ਚਾਲਕ ਅਤੇ ਟਰਾਂਸਪੋਰਟਰ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ ਦੀ ਪਾਸਿੰਗ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਹੈ ਤੇ ਵੀਰਵਾਰ ਨੂੰ ਐੱਮਵੀਏ ਵੱਲੋਂ ਉਨ੍ਹਾਂ ਨੂੰ ਗੱਡੀਆਂ ਦੀ ਪਾਸਿੰਗ ਸਬੰਧੀ ਮੋਗਾ ਦੇ ਪਿੰਡ ਦੁੱਨੇਕੇ ਵਿਚ ਸਰਕਾਰੀ ਦਫ਼ਤਰ ਵਿਚ ਬੁਲਾਇਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਉਹ ਸਵੇਰੇ ਦਸ ਵਜੇ ਉੱਥੇ ਪਹੁੰਚ ਗਏ ਸੀ ਅਤੇ ਹੁਣ ਲਗਪਗ 2 ਵਜੇ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਅੱਜ ਐੱਮਵੀਆਈ ਗੱਡੀਆਂ ਦੀ ਪਾਸਿੰਗ ਨਹੀਂ ਹੋਵੇਗੀ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਇਹ ਧਰਨਾ ਲਾਇਆ ਗਿਆ ਹੈ ਅਤੇ ਹਾਈਵੇ ਜਾਮ ਕੀਤਾ ਗਿਆ ਹੈ।

ਇਸ ਦੌਰਾਨ ਲੋਕ ਸਟਾਫ ਨੂੰ ਵਾਰ-ਵਾਰ ਪੁੱਛਦੇ ਰਹੇ ਕਿ ਐੱਮਵੀਆਈ ਕਦੋਂ ਆਵੇਗਾ ਅਤੇ ਵਾਹਨਾਂ ਦੀ ਪਾਸਿੰਗ ਕਦੋਂ ਸ਼ੁਰੂ ਹੋਵੇਗੀ, ਪਰ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਆਖਿਰ ਆਖਿਆ ਗਿਆ ਕਿ ਸਾਹਿਬ ਛੁੱਟੀ 'ਤੇ ਹੈ ਅਤੇ ਤੁਸੀਂ ਅਗਲੇ ਵੀਰਵਾਰ ਆ ਜਾਣਾ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਦੇ ਕਈ ਜ਼ਿਲਿ੍ਹਆਂ ਜਗਰਾਓਂ, ਬਠਿੰਡਾ, ਤਰਨਤਾਰਨ, ਗੋਇੰਦਵਾਲ ਸਾਹਿਬ, ਭਿੱਖੀਵਿੰਡ ਸ਼ਹਿਰਾਂ ਤੋਂ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਸਨ। ਉਨ੍ਹਾਂ ਨੂੰ 3 ਤਿੰਨ-ਤਿੰਨ ਹਫ਼ਤੇ ਤੋਂ ਵਾਪਸ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਉਨ੍ਹਾਂ ਦੀਆਂ ਗੱਡੀਆਂ ਦੀ ਪਾਸਿੰਗ ਨਹੀਂ ਹੁੰਦੀ।

ਇਸ ਦੌਰਾਨ ਪਰਗਟ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੱਡੀ ਪਾਸ ਕਰਵਾਉਣ ਲਈ ਇੱਥੇ ਪਹੁੰਚਿਆ ਸੀ, ਪਰ ਹਰ ਵੀਰਵਾਰ ਨੂੰ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਕੰਮ ਸਿਰੇ ਨਹੀਂ ਚੜ੍ਹਦਾ, ਜਿਸ ਕਾਰਨ ਲੋਕਾਂ ਨੂੰ ਸੰਘਰਸ਼ ਕਰਨਾ ਪਿਆ।

ਜੰਮੂ ਤੋਂ ਆਏ ਸਰਿਦ ਨੇ ਦੱਸਿਆ ਕਿ ਉਸ ਨੇ ਟੈਂਪੂ ਟਰੈਵਲ ਗੱਡੀ ਮੋਗਾ ਦੇ ਵਿਅਕਤੀ ਤੋਂ ਖ਼ਰੀਦ ਕੀਤੀ ਸੀ ਅਤੇ ਉਸ ਦੀ ਮੋਗਾ ਤੋਂ ਪਾਸਿੰਗ ਕਰਵਾਉਣ ਆਇਆ ਸੀ। ਬੜੀ ਲੰਬੀ ਕਤਾਰ ਵਿਚ ਖੜ ਕੇ ਉਸ ਨੂੰ ਜਵਾਬ ਮਿਲਿਆ ਕਿ ਅੱਜ ਪਾਸਿੰਗ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਇੰਨਾ ਮਹਿੰਗਾ ਡੀਜ਼ਲ ਫੂਕ ਕੇ ਉਹ ਆਇਆ ਹੈ।

ਫਾਈਨਾਂਸ 'ਤੇ ਕਰਵਾਈਆਂ ਗੱਡੀਆਂ ਦੀ ਟੁੱਟ ਰਹੀ ਹੈ ਕਿਸ਼ਤ

ਇਸ ਮੌਕੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਗੱਡੀਆਂ ਦੇ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਡੀਆਂ ਫਾਈਨਾਂਸ 'ਤੇ ਲਈਆਂ ਹੋਈਆਂ ਹਨ। ਉਨ੍ਹਾਂ ਵੱਲੋਂ ਗੱਡੀਆਂ ਦੀ ਕਿਸ਼ਤ ਭਰਨੀ ਅੌਖੀ ਹੋਈ ਪਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦੋ ਦੋ ਹਫ਼ਤਿਆਂ ਤੋਂ ਖਾਲੀ ਵਾਪਸ ਮੁੜਨਾ ਪੈ ਰਿਹਾ ਹੈ। ਮੌਕੇ 'ਤੇ ਐੱਸਐੱਚਓ ਦਲਜੀਤ ਸਿੰਘ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ।