ਸਵਰਨ ਗੁਲਾਟੀ, ਮੋਗਾ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਡੀ ਗਈ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 6 ਨਸ਼ਾ ਸਮੱਗਲਰਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੂਰਾ ਪੋਸਤ, ਹੈਰੋਇਨ, ਨਸ਼ੇ ਲਈ ਇਸਤੇਮਾਲ ਹੋਣ ਵਾਲੀ ਦਵਾਈ ਦੀਆਂ ਗੋਲੀਆਂ ਅਤੇ ਲਾਹਣ ਬਰਾਮਦ ਕੀਤੀ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਦਰ ਪੁਲਿਸ ਦੇ ਸਹਾਇਕ ਥਾਣੇਦਾਰ ਬਸੰਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ ਤਾਂ ਪਿੰਡ ਰੱਤੀਆਂ ਕੋਲ ਇਕ ਵਿਅਕਤੀ ਗੁਰਮੇਲ ਸਿੰਘ ਉਰਫ ਗੇਲਾ ਵਾਸੀ ਪਿੰਡ ਰਾਊਕੇ ਕਲਾਂ ਜ਼ਿਲ੍ਹਾ ਮੋਗਾ ਨੂੰ ਸ਼ੱਕ ਦੇ ਆਧਾਰ 'ਤੇ ਗਿ੍ਫ਼ਤਾਰ ਕਰ ਕੇ ਉਸ ਕੋਲੋਂ 10 ਕਿੱਲੋਗ੍ਰਾਮ ਪੋਸਤ (ਅੱਧ ਪੀਸੇ ਡੋਡੇ) ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਸੀਆਈਏ ਸਟਾਫ ਮਹਿਣਾ ਦੇ ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਦੀ ਇਤਲਾਹ 'ਤੇ ਪਿੰਡ ਬੁੱਟਰ ਕਲਾਂ ਕੋਲ ਇਕ ਸਕੂਟਰੀ 'ਤੇ ਸਵਾਰ ਦੋ ਨੌਜਵਾਨ ਸਚਿਨਦੀਪ ਸਿੰਘ ਵਾਸੀ ਹਿੰਮਤਪੁਰਾ ਹਾਲ ਅਬਾਦ ਧੂੜਕੋਟ ਰਣਸੀਂਹ ਜ਼ਿਲ੍ਹਾ ਮੋਗਾ ਅਤੇ ਪੁਸ਼ਪਿੰਦਰਪ੍ਰਰੀਤ ਸਿੰਘ ਉਰਫ ਸਿਕੰਦਰ ਸਿੰਘ ਉਰਫ ਪੂਸਾ ਵਾਸੀ ਪਿੰਡ ਬੌਡੇ ਜ਼ਿਲ੍ਹਾ ਮੋਗਾ ਨੂੰ ਸ਼ੱਕ ਦੇ ਆਧਾਰ 'ਤੇ ਗਿ੍ਫ਼ਤਾਰ ਕਰ ਕੇ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਐਂਟੀਨਾਰਕੋਟਿਕ ਡਰੱਗ ਸੈੱਲ ਮੋਗਾ ਦੇ ਸਹਾਇਕ ਥਾਣੇਦਾਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਮੋਗਾ ਦੇ ਦੁਸਾਂਝ ਰੋਡ 'ਤੇ ਸ਼ੱਕ ਦੇ ਆਧਾਰ 'ਤੇ ਇਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਹਰਜੀਤ ਸਿੰਘ ਉਰਫ ਮੋਟਾ ਵਾਸੀ ਸਾਧਾਂਵਾਲੀ ਬਸਤੀ ਮੋਗਾ ਅਤੇ ਸੁਰਿੰਦਰ ਸਿੰਘ ਉਰਫ ਸੋਨੂੰ ਵਾਸੀ ਇੰਦਰਾ ਕਾਲੋਨੀ ਮੋਗਾ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਅਤੇ 140 ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਵੇਂ ਵਿਅਕਤੀਆਂ ਵਿਚੋਂ ਹਰਜੀਤ ਸਿੰਘ ਉਰਫ ਮੋਟਾ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਦੇ ਚਾਰ ਮਾਮਲੇ ਦਰਜ ਹਨ ਅਤੇ ਸੁਰਿੰਦਰ ਸਿੰਘ ਉਰਫ ਸੋਨੂੰ ਖ਼ਿਲਾਫ਼ ਇਕ ਮਾਮਲਾ ਦਰਜ ਹੈ ਤੇ ਉਹ ਪੰਜ ਸਾਲ ਦੀ ਸਜ਼ਾ ਕੱਟ ਰਿਹਾ ਸੀ ਅਤੇ ਪੈਰੋਲ 'ਤੇ ਬਾਹਰ ਆ ਕੇ ਫਿਰ ਨਸ਼ੇ ਦੇ ਕਾਰੋਬਰ ਵਿਚ ਜੁੜ ਗਿਆ ਹੈ।

ਇਸੇ ਤਰ੍ਹਾਂ ਥਾਣਾ ਧਰਮਕੋਟ ਦੇ ਹੌਲਦਾਰ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਨਾਲ ਦੌਰਾਨੇ ਗਸ਼ਤ ਮੁਖਬਰ ਦੀ ਇਤਲਾਹ 'ਤੇ ਪਿੰਡ ਚੱਕ ਕੰਨੀਆਂ ਕਲਾਂ ਵਿਖੇ ਕੁੰਦਨ ਸਿੰਘ ਵਾਸੀ ਪਿੰਡ ਚੱਕ ਕੰਨੀਆਂ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਘਰ ਵਿਚੋਂ 40 ਲੀਟਰ ਲਾਹਣ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮਾਮਲਾ ਦਰਜ ਕਰ ਕੇ ਅਗਲੇਰੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ।