ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਪੰਜਾਬ ਪੁਲਿਸ ’ਤੇ ਅਕਸਰ ਸਖ਼ਤ ਮਿਜਾਜ਼ ਹੋਣ ਅਤੇ ਬਿਨਾਂ ਵਜ੍ਹਾ ਚਲਾਨ ਕੱਟਣ ਦੇ ਦੋਸ਼ ਲੱਗਦੇ ਰਹਿੰਦੇ ਨੇ ਪਰ ਐਤਵਾਰ ਨੂੰ ਮੋਗਾ ਦੇ ਮੁੱਖ ਚੌਕ ਵਿਚ ਨਵਜੰਮੇ ਜੌੜੇ ਭੈਣ ਭਰਾਵਾਂ ਦਾ ਨਿੱਘਾ ਸਵਾਗਤ ਕਰਨ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਉਣ ਦੀ ਪ੍ਰਕਿਰਿਆ ਨੇ ਸਿੱਧ ਕਰ ਦਿੱਤਾ ਕਿ ਪੁਲਿਸ ਕਰਮੀਆਂ ਦੇ ਵੀ ਜਜ਼ਬਾਤ ਹੁੰਦੇ ਨੇ ਅਤੇ ਉਹ 24 ਘੰਟੇ ਡਿਊਟੀ ਦੇਣ ਦੇ ਬਾਵਜੂਦ ਲੋਕਾਂ ਦੀਆਂ ਖ਼ੁਸ਼ੀਆਂ ਵਿਚ ਸ਼ਰੀਕ ਹੋਣ ਤੋਂ ਪਿਛਾਂਹ ਨਹੀਂ ਰਹਿੰਦੇ।

ਦਰਅਸਲ ਪਿਛਲੇ ਦਿਨੀਂ ਉੱਘੇ ਸਮਾਜ ਸੇਵੀ ਹਰਪਾਲ ਸਿੰਘ ਬਰਾੜ ਨੂੰ ਪ੍ਰਮਾਤਮਾ ਨੇ ਜੌੜੇ ਪੋਤਾ ਪੋਤਰੀ ਨਾਲ ਨਿਵਾਜਿਆ ਸੀ। ਐਤਵਾਰ ਨੂੰ ਬੱਚਿਆਂ ਅਤੇ ਉਹਨਾਂ ਦੀ ਮਾਤਾ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਬਰਾੜ ਦਾ ਸਾਰਾ ਪਰਿਵਾਰ ਕਾਰ ਵਿਚ ਸਵਾਰ ਹੋ ਕੇ ਘਰ ਜਾ ਰਿਹਾ ਸੀ ਪਰ ਲਾਕਡਾਊਨ ਹੋਣ ਕਰਕੇ ਪੁਲਿਸ ਨੇ ਉਹਨਾਂ ਨੂੰ ਮੁੱਖ ਚੌਕ ਵਿਚ ਰੋਕ ਲਿਆ ਅਤੇ ਸਫ਼ਰ ਕਰਨ ਦਾ ਸਬੱਬ ਪੁੱਛਿਆ। ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਪੋਤਰੇ ਅਨੰਤਵੀਰ ਸਿੰਘ ਬਰਾੜ ਅਤੇ ਪੋਤਰੀ ਅਨੂਪ ਕੌਰ ਬਰਾੜ ਨੂੰ ਹਸਪਤਾਲ ਤੋਂ ਛੁੱਟੀ ਮਿਲਣ 'ਤੇ ਘਰ ਲੈ ਜਾ ਰਹੇ ਹਨ।

ਇਹ ਸੁਣਦਿਆਂ ਹੀ ਟ੍ਰੈਫਿਕ ਸੈੱਲ ਦੇ ਇੰਚਾਰਜ ਕੇਵਲ ਸਿੰਘ ਭੇਖਾ ਨੇ ਜਦੋਂ ਮਾਸੂਮ ਬੱਚਿਆਂ ’ਤੇ ਨਿਗਾਹ ਮਾਰੀ ਤਾਂ ਉਹ ਖੁਸ਼ੀ ਵਿਚ ਭਾਵੁਕ ਹੋ ਗਏ ਅਤੇ ਤੁਰੰਤ ਲੱਡੂਆਂ ਦਾ ਡੱਬਾ ਮੰਗਵਾਇਆ ਅਤੇ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਉਣ ਦੇ ਨਾਲ ਨਾਲ ਮੌਕੇ ’ਤੇ ਮੌਜੂਦ ਏਐੱਸਆਈ ਸੁਖਮੰਦਰ ਸਿੰਘ, ਏਐੱਸਆਈ ਜਸਵੀਰ ਸਿੰਘ, ਹੌਲਦਾਰ ਸੁਖਜਿੰਦਰ ਸਿੰਘ ਅਤੇ ਸਟੇਟ ਐਵਾਰਡੀ ਅਧਿਆਪਕ ਤੇਜਿੰਦਰ ਸਿੰਘ ਜਸ਼ਨ ਦਾ ਮੂੰਹ ਮਿੱਠਾ ਕਰਵਾਇਆ। ਏਐੱਸਆਈ ਸੁਖਮੰਦਰ ਸਿੰਘ ਅਤੇ ਸਾਰੀ ਟੀਮ ਨੇ ਬੱਚਿਆਂ ਦੀ ਮਾਤਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਮੁਬਾਰਕਾਂ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ।

Posted By: Jagjit Singh