ਸਵਰਨ ਗੁਲਾਟੀ, ਮੋਗਾ : ਕਸਬਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਸੋਮਵਾਰ ਦੀ ਸਵੇਰੇ ਕੂੜੇ ਦੇ ਢੇਰ 'ਚੋਂ ਇਕ ਨਵਜਨਮੀ ਬੱਚੀ ਮਿਲੀ ਹੈ। ਬੱਚੀ ਦਾ ਪਤਾ ਲੱਗਣ ' ਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਘਟਨਾ ਸਥਾਨ 'ਤੇ ਪੁਜਣੇ ਸ਼ੁਰੂ ਹੋ ਗਏ । ਜਿਸ ਦੀ ਸੂਚਨਾ ਲੋਕਾਂ ਵੱਲੋਂ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਨੂੰ ਦਿੱਤੀ ਗਈ। ਸਰਪੰਚ ਵੱਲੋਂ ਮੌਕੇ 'ਤੇ ਪਹੁੰਚ ਕੇ ਪੁਲਿਸ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਪਿੰਡ ਵਿਚ ਬਣੀ ਡਿਸਪੈਂਸਰੀ ਵਿਚ ਡਿਊਟੀ 'ਚ ਤਾਇਨਾਤ ਨਰਸਾਂ ਨੂੰ ਸੂਚਨਾ ਦਿੱਤੀ ਜਿਨ੍ਹਾਂ ਨੇ ਬੱਚੀ ਨੂੰ ਕੂੜੇ ਦੇ ਢੇਰ ਵਿਚ ਚੁੱਕ ਕੇ ਉਸ ਨੂੰ ਨਹਾਉਣ ਤੋਂ ਬਾਅਦ ਨਵੇਂ ਕੱਪੜੇ ਪਾ ਕੇ ਐਂਬੂਲੈਂਸ ਰਾਹੀਂ ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿਚ ਦਾਖਲ ਕਰਵਾਇਆ ਜਿਥੇ ਡਿਊਟੀ 'ਤੇ ਤਾਇਨਾਤ ਬੱਚਿ ਆਂ ਵਾਲੇ ਡਾਕਟਰ ਨੇ ਬੱਚੀ ਦਾ ਚੈਕਅਪ ਕਰਨ ਤੇ ਉਸ ਦੀ ਹਾਲਤ ਠੀਕ ਦੱਸੀ। ਜਦ ਇਸ ਸਬੰਧੀ ਥਾਣਾ ਧਰਮਕੋਟ ਦੇ ਇਸੰਪੈਕਟਰ ਗੁਲਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਨੇ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਦੇ ਬਿਆਨ 'ਤੇ ਅਣਪਛਾਤੀ ਔਰਤ ਤੇ ਉਸ ਦੇ ਅਣਪਛਾਤੇ ਪਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Posted By: Jagjit Singh