ਅਵਤਾਰ ਸਿੰਘ, ਅਜੀਤਵਾਲ : ਥਾਣਾ ਅਜੀਤਵਾਲ ਅਧੀਨ ਆਉਂਦੇ ਸਬ ਡਵੀਜ਼ਨ ਨੱਥੂਵਾਲਾ ਜਦੀਦ ਵਿਖੇ ਚੋਰਾਂ ਵੱਲੋਂ ਦਫ਼ਤਰ 'ਚ ਤਿੰਨ ਦਿਨਾ ਬਾਅਦ ਚੌਥੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਹਜ਼ਾਰਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਜਦਕਿ ਤਿੰਨ ਦਿਨ ਪਹਿਲਾਂ ਵੀ ਚੋਰਾਂ ਵੱਲੋਂ ਬਿਜਲੀ ਘਰ ਨੱਥੂਵਾਲਾ ਜਦੀਦ ਦੇ 9 ਕਮਰਿਆਂ ਦੇ ਦਰਵਾਜ਼ੇ ਭੰਨ ਕੇ ਕੀਮਤੀ ਸਾਮਾਨ ਚੋਰੀ ਕੀਤਾ ਗਿਆ ਸੀ, ਪਰ ਇਸ ਵਾਰ ਫਿਰ 9 ਕਰਮਿਆਂ ਦੇ ਜ਼ਿੰਦਰੇ ਭੰਨਣ ਤੋਂ ਬਾਅਦ ਬੇਖੌਫ ਚੋਰ ਬੜੀ ਆਸਾਨੀ ਨਾਲ ਦਫ਼ਤਰ ਵਿਚ ਦਾਖਲ ਹੋਏ ਅਤੇ ਗੱਡੀ ਦੀ ਮਦਦ ਨਾਲ ਭਾਰੀ ਤੇ ਕੀਮਤੀ ਸਾਮਾਨ ਇੱਥੋਂ ਚੋਰੀ ਕਰ ਕੇ ਲੈ ਗਏ।

ਘਟਣਾ ਸਬੰਧੀ ਜਾਣਕਾਰੀ ਦਿੰਦਿਆਂ ਐੱਸਡੀਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਦਫ਼ਤਰ ਦੇ ਖੋਲ੍ਹਣ ਸਮੇਂ ਮੁਲਾਜ਼ਮ ਪਹੁੰਚੇ ਤਾਂ ਉੱਥੇ 9 ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਿਸ ਸਬੰਧੀ ਤੁਰੰਤ ਥਾਣਾ ਅਜੀਤਵਾਲ ਨੂੰ ਇਤਲਾਹ ਦਿੱਤੀ ਗਈ ਅਤੇ ਚੋਰੀ ਹੋਏ ਸਾਮਾਨ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਦਫ਼ਤਰ 'ਚੋਂ 2 ਕੋਰ ਪੀਵੀਸੀ ਤਾਰ 600 ਮੀਟਰ, 6 ਐੱਮਐੱਮ 1800 ਮੀਟਰ, ਏਸੀਐੱਸਆਰ 225 ਮੀਟਰ, ਜਿਓ ਸਵਿੱਚ 1 ਨੰਬਰ ਜਿਸ ਦੀ ਕੀਮਤ 86323 ਹਜ਼ਾਰ ਰੁਪਏ ਬਣਦੀ ਹੈ। ਮੌਕੇ 'ਤੇ ਪਹੁੰਚੇ ਏਐੱਸਆਈ ਫੈਲੀ ਸਿੰਘ ਅਤੇ ਏਐੱਸਆਈ ਸੁਖਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਅਸੀਂ ਪਹਿਲਾਂ ਵੀ ਬਿਜਲੀ ਵਿਭਾਗ ਨੂੰ ਚੌਕੀਦਾਰ ਰੱਖਣ ਲਈ ਕਹਿ ਚੁੱਕੇ ਹਾਂ ਅਤੇ ਹੁਣ ਹੋਈ ਚੋਰੀ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਆਉਣ ਜਾਣ ਵਾਲੇ ਰਸਤਿਆਂ 'ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਜਲਦੀ ਤੋਂ ਜਲਦੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਬਿਜਲੀ ਦਫ਼ਰਤ 'ਚ ਨਹੀਂ ਹੈ ਕੋਈ ਚੌਂਕੀਦਾਰ

ਇਕੱਤਰ ਕੀਤੇ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਸਬ ਡਵੀਜ਼ਨ ਨੱਥੂਵਾਲਾ ਜਦੀਦ ਦੇ ਇਸ ਦਫ਼ਤਰ ਵਿਚ ਰਾਤ ਸਮੇਂ ਕੋਈ ਚੌਂਕੀਦਾਰ ਜਾਂ ਪਹਿਰੇਦਾਰ ਨਹੀਂ ਹੈ। ਚੋਰ ਬੜੇ ਹੌਸਲੇ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਸਰਕਾਰੀ ਮਸ਼ੀਨਰੀ ਅਤੇ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਜਾਂਦੇ ਹਨ।