ਮੱਲੇਆਣਾ/ਗਰਗ, ਮੋਗਾ/ਬਾਘਾਪੁਰਾਣਾ : ਸਥਾਨਕ ਪਿੰਡ ਰੋਡੇ ਵਿਚ ‘ਵਾਰਸ ਪੰਜਾਬ ਦੇ’ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕਰ ਕੇ ਉਸ ਨੂੰ ਜਥੇਬੰਦੀ ਦਾ ਆਗੂ ਥਾਪਿਆ ਗਿਆ। ਦੂਜੇ ਪਾਸੇ ਇਸ ਕਦਮ ਤੋਂ ਬਾਅਦ ਕਈ ਤਰ੍ਹਾਂ ਦੇ ਵਿਵਾਦ ਖੜ੍ਹੇ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ, ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕਰ ਕੇ ਖੁਸ਼ੀ ਹੋਈ ਹੈ। ਇਸ ਨੌਜਵਾਨ ਆਗੂ ਤੋਂ ਸਰਕਾਰ ਘਬਰਾਈ ਹੋਈ ਹੈ ਕਿਉਂਕਿ ਇਸ ਦੇ ਬਿਆਨ ਨੌਜਵਾਨਾਂ ਨੂੰ ਵੰਗਾਰਨ ਵਾਲੇ ਹਨ। ਇਹ ਦਸਤਾਰਬੰਦੀ ਕਈ ਕਿਸਾਨ ਜਥੇਬੰਦੀਆਂ ਨੂੰ ਵੀ ਹਜ਼ਮ ਨਹੀਂ ਹੋ ਰਹੀ ਹੈ। ਇਸ ਮੌਕੇ ਮਾਨ ਨੇ ਗੈਂਗਸਟਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਰਾਹ ਛੱਡ ਕੇ ‘ਵਾਰਸ ਪੰਜਾਬ ਦੇ’ ਜਥੇਬੰਦੀ ਨਾਲ ਜੁੜਣ ਤੇ ਪੰਥ ਲਈ ਕੰਮ ਕਰਨ।

ਦੱਸ ਦਈਏ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ, ਜਰਨੈਲ ਸਿੰਘ ਭਿੰਡਰਾਂਵਾਲਾ ਦੇ ਜਨਮ ਸਥਾਨ ਪਿੰਡ ਰੋਡੇ ਵਿਖੇ ਸਮਾਗਮ ਵਿਚ ਪਹੁੰਚੇ, ਜਦਕਿ ਉਸ ਨੂੰ ਜਥੇਬੰਦੀ ਦਾ ਮੁਖੀ ਬਣਿਆ ਕਰੀਬ ਸਾਲ ਦਾ ਸਮਾਂ ਹੋ ਗਿਆ ਹੈ।

ਆਪਣੀ ਗੱਲ ਰੱਖਦਿਆਂ ਹੋਇਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ, ‘‘ਮੇਰਾ ਕੋਈ ਪਿਛੋਕੜ ਜਾਂ ਇਤਿਹਾਸ ਨਹੀਂ, ਆਮ ਘਰ ਨਾਲ ਸਬੰਧ ਰੱਖਦਾ ਹਾਂ। ਪੰਥ ਤੇ ਸ਼ਹੀਦਾਂ ਨਾਲ ਸ਼ੁਰੂ ਤੋਂ ਪੇ੍ਮ ਰਿਹਾ ਹੈ। ਪੰਥਕ ਰਾਹ ਤੋਂ ਭਟਕੇ ਵੀ ਰਹੇ ਹਾਂ ਪਰ ਪਰਮਾਤਮਾ ਨੇ ਕਿਰਪਾ ਕਰ ਕੇ ਮੁੜ ਤੋਂ ਪੰਥ ਦੇ ਰਾਹ ’ਤੇ ਤੋਰਿਆ ਹੈ। ਪ੍ਰਧਾਨਗੀ ਬਾਰੇ ਉਸ ਨੇ ਕਿਹਾ ਕਿ ਜਥੇਬੰਦੀ ਦੀ ਜ਼ਿੰਮੇਵਾਰੀ ਕੰਡਿਆਂ ਦੀ ਸੇਜ ਵਾਂਗ ਹੈ। ਜਥੇਬੰਦੀ ਨੂੰ ਲੱਗਾ ਕਿ ਮੈਂ ਇਸ ਰਾਹ ’ਤੇ ਚੱਲ ਸਕਦਾ ਹਾਂ, ਇਸ ਲਈ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ। ਇਹ ਭਿੰਡਰਾਂਵਾਲਾ ਦਾ ਜਨਮ ਸਥਾਨ ਹੈ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆਂ ’ਚੋਂ ਕੱਢਿਆ ਸੀ ਤੇ ਗੁਲਾਮੀ ਵਿਰੁੱਧ ਸੰਘਰਸ਼ ਕੀਤਾ ਸੀ।’’

ਅੰਮ੍ਰਿਤਪਾਲ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਧਰਮ ਹੋਵੇਗਾ ਤਾਂ ਸਮਾਜ ਚੱਲੇਗਾ। ਧਰਮ ਨਹੀਂ ਹੋਵੇਗਾ ਤਾਂ ਸਮਾਜ ਵਿਗੜ ਜਾਵੇਗਾ। ਇਸ ਲਈ ਸਾਡੀ ਜਥੇਬੰਦੀ, ਸਿਆਸਤ ਵਿਚ ਨਹੀਂ ਜਾ ਰਹੀ। ਜੇਕਰ ਪੰਜਾਬ ’ਚ ਕੋਈ ਬਦਲਾਅ ਕਰਨਾ ਹੈ ਤਾਂ ਧਰਮ ਨੂੰ ਆਧਾਰ ਬਣਾ ਕੇ ਕੀਤਾ ਜਾ ਸਕਦਾ ਹੈ, ਇਸ ਤੋਂ ਬਿਨ੍ਹਾਂ ਨਹੀਂ। ਈਸਾਈ ਭਾਈਚਾਰੇ ਬਾਰੇ ਦਿੱਤੇ ਬਿਆਨਾਂ ’ਤੇ ਉਨ੍ਹਾਂ ਕਿਹਾ ਕਿ ਜੋ ਲੋਕ ਸਦੀਆਂ ਤੋਂ ਇੱਥੇ ਰਹਿ ਰਹੇ ਹਨ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ, ਉਹ ਪੰਜਾਬੀ ਹਨ। ਪਿਛਲੇ 500 ਸਾਲ ਤੋਂ ਸਿੱਖ ਭਾਈਚਾਰਾ ਅਜਿਹੀ ਧਿਰ ਹੈ, ਜਿਸ ਨੇ ਸੰਘਰਸ਼ ਕੀਤਾ ਹੈ। ਕਈ ਵਾਰ ਸਾਡੀਆਂ ਗੱਲਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਪਰ ਅਸੀਂ ਬਾਕੀ ਧਰਮਾਂ ਨੂੰ ਕਹਿੰਦੇ ਹਾਂ ਕਿ ਉਨ੍ਹਾਂ ਦੀ ਵੀ ਪੰਜਾਬ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੰਘਰਸ਼ ਕਰਨ। ਈਸਾਈ ਭਾਈਚਾਰੇ ਵਿਰੁੱਧ ਬਿਆਨ ਨਹੀਂ ਦਿੱਤੇ ਉਹ ਤਾਂ ਪਖੰਡੀ ਪਾਸਟਰਾਂ ਵਿਰੁੱਧ ਸਨ। ਅਜਿਹੇ ਪਾਸਟਰ, ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰ ਰਹੇ ਹਨ, ਗੁਰੂ ਸਾਹਿਬ ਬਾਰੇ ਮਾੜੇ ਸ਼ਬਦ ਬੋਲ ਰਹੇ ਹਨ ਤੇ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦ ਲੈਣ ਲਈ ਰੋਕ ਰਹੇ ਹਨ। ਪਖੰਡਵਾਦ ਦੇ ਖ਼ਿਲਾਫ਼ ਬੋਲਾਂਗਾ ਤੇ ਜੇ ਕਿਸੇ ਪਾਸਟਰ ਨੂੰ ਲੱਗਦਾ ਹੈ ਕਿ ਇਹ ਗ਼ਲਤ ਹੈ ਤਾਂ ਸਾਡੇ ਖ਼ਿਲਾਫ਼ ਮੋਰਚਾ ਖੋਲ੍ਹ ਲੈਣ’’।

ਭਿੰਡਰਾਂਵਾਲਾ ਵਾਂਗ ਨਜ਼ਰ ਆਉਣ ਦੇ ਸਬੰਧ ਵਿਚ ਉਨ੍ਹਾਂ ਕਿਹਾ, ‘‘ਸਾਰੇ ਨੌਜਵਾਨ ਉਨ੍ਹਾਂ ਦੇ ਬੱਚੇ ਹਨ ਪਰ ਕੋਈ ਵੀ ਉਨ੍ਹਾਂ ਦਾ ਰੂਪ ਨਹੀਂ ਧਾਰ ਸਕਦਾ। ਜਦੋਂ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਭਿੰਡਰਾਂਵਾਲਾ ਆ ਗਏ ਹਨ। ਲੋਕ ਇਹ ਨਾ ਸੋਚਣ ਕਿ ਜੇ ਉਨ੍ਹਾਂ ਨੂੰ ਖ਼ਤਮ ਦਿੱਤਾ ਹੈ ਤਾਂ ਵਾਰਿਸ ਅੱਗੇ ਨਹੀਂ ਆਉਣਗੇ। ਸ਼ਹੀਦਾਂ ਨਾਲ ਸ਼ੁਰੂ ਤੋਂ ਲਗਾਅ ਰਿਹਾ ਹੈ ਕਿਉਂਕਿ ਮਾਝੇ ਦੇ ਇਲਾਕੇ ਵਿਚ ਸਿੱਖਾਂ ਨੇ ਬਹੁਤ ਸੰਘਰਸ਼ ਕੀਤਾ ਹੋਇਆ ਹੈ। ਜੇ ਕੋਈ ਭਿੰਡਰਾਂਵਾਲਾ ਦੇ ਖ਼ਿਲਾਫ਼ ਮੰਦਾ-ਚੰਗਾ ਬੋਲਦਾ ਹੈ ਤਾਂ ਦੁੱਖ ਲੱਗਦਾ ਹੈ’’।

ਕੋਈ ਕਿਸੇ ਨੂੰ ਪੰਥਕ ਟਰੇਨਿੰਗ ਨਹੀਂ ਦੇ ਸਕਦਾ

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਲੋਕ ਉਸ ਦੇ ਬਾਰੇ ਆਖਦੇ ਹਨ ਕਿ ਕਿਸੇ ਨੇ ‘ਤਿਆਰ’ ਕਰ ਕੇ ਭੇਜਿਆ ਹੈ ਪਰ ਲੋਕ ਅਸਲ ਵਿਚ ਗੁਰੂ ’ਤੇ ਯਕੀਨ ਨਹੀਂ ਕਰਦੇ। ਜਦੋਂ ਦੀਪ ਸਿੱਧੂ ਸੰਘਰਸ਼ ਵਿਚ ਆਏ ਸਨ, ਉਸ ਵੇਲੇ ਪੰਥਕ ਸੋਝੀ ਘੱਟ ਸੀ ਪਰ ਉਸ ਦੇ ਨਾਲ ਤੁਰੇ ਸਾਂ। ਉਸ ਦੌਰਾਨ ਕੇਸ ਰੱਖਣੇ ਸ਼ੁਰੂ ਕੀਤੇ ਸਨ। ਇਹ ਤਿਆਰੀ ਕੋਈ ਨਹੀਂ ਕਰਵਾਉਂਦਾ ਹੁੰਦਾ, ਜੋ ਗੁਰੂ ਨੇ ਕਰਵਾਉਣਾ ਹੁੰਦਾ ਹੈ, ਉਹ ਕਰਾ ਹੀ ਲੈਂਦੇ ਹਨ’’।

ਏਜੰਸੀਆਂ ਵੱਲੋਂ ਭੇਜੇ ਜਾਣ ਦੀ ਗੱਲ ’ਤੇ ਉਸ ਨੇ ਕਿਹਾ, ‘‘ਇਹ ਬਾਣਾ ਤਾਂ ਟਕਸਾਲੀ ਪੁਸ਼ਾਕ ਹੈ। ਟਕਸਾਲ ਨਾਲ ਲਗਾਅ ਸ਼ੁਰੂ ਤੋਂ ਹੈ। ਜੇ ਕੋਈ ‘ਪੰਥਕ ਟਰੇਨਿੰਗ’ ਦਿੰਦਾ ਹੈ ਤਾਂ ਸਾਨੂੰ ਦੱਸੋ, ਅਸੀਂ ਆਪਣੇ ਬੰਦੇ ਭੇਜਦੇ ਹਾਂ ਕਿਉਂਕਿ ਸਾਨੂੰ ਪੰਥਕ ਬੰਦਿਆਂ ਦੀ ਲੋੜ ਹੈ। ਅਸੀਂ ਗੁਰੂ ਦੀ ਧਰਤੀ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹਾਂ।

Posted By: Jagjit Singh