ਪੱਤਰ ਪ੍ਰਰੇਰਕ, ਮੋਗਾ : ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜ਼ਿਲ੍ਹਾ ਜਨਰਲ ਸਕੱਤਰ ਗੁਲਜਾਰ ਸਿੰਘ ਘੱਲਕਲਾਂ ਨੇ ਚਲਾਈ ਤੇ ਜ਼ਿਲ੍ਹਾ ਪ੍ਰਰੈਸ ਸਕੱਤਰ ਗੁਰਮੀਤ ਸਿੰਘ ਸੰਧੂਆਣਾ ਨੇ ਪ੍ਰਰੈਸ ਨੂੰ ਰਿਲੀਜ਼ ਕੀਤੀ। ਇਸ ਮੀਟਿੰਗ ਨੂੰ ਸੁਖਜਿੰਦਰ ਸਿੰਘ ਖੋਸਾ ਵਿੱਤ ਸਕੱਤਰ ਪੰਜਾਬ, ਅੱਤਰ ਸਿੰਘ ਸੋਨੂੰ ਮੋਗਾ, ਸੁਰਜੀਤ ਸਿੰਘ ਕੋਰੋਟਾਣਾ, ਜਸਵੀਰ ਸਿੰਘ ਮੰਦਰ, ਦਲੀਪ ਸਿੰਘ ਜਨੇਰ, ਦਰਸ਼ਨ ਸਿੰਘ ਰੌਲੀ, ਗੁਰਬਚਨ ਸਿੰਘ ਚੂੰਨਵਾਲਾ, ਕੁਲਵੰਤ ਸਿੰਘ ਲਾਭ ਸਿੰਘ ਮਾਣੂੰਕੇ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ। ਮਾਣੂੰਕੇ ਤੇ ਘੱਲਕਲਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਪੇਮੈਂਟ ਦੇ ਨਾਂ ਥੱਲੇ ਤੇ ਖੁੱਲ੍ਹੀ ਮੰਡੀ ਦੇਣ ਦੇ ਤਰਕ ਦਾ ਭਰਮ ਫਲਾਅ ਕੇ ਕਣਕ ਤੇ ਝੋਨੇ ਦੀ ਸਰਕਾਰੀ ਭਾਅ ਦੇਣ ਦੀ ਪਾਲਿਸੀ ਤੋਂ ਪਿੱਛੇ ਹੱਟਣ ਦੀ ਯੋਜਨਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਏਕੜ ਤੇ 16 ਕੁਇੰਟਲ ਕਣਕ ਹੀ ਐਮ. ਐਸ. ਪੀ. ਤੇ ਖਰੀਦਣ ਦੇ ਮਾਪਦੰਡ ਤੈਅ ਕੀਤੇ ਜਾ ਰਹੇ ਹਨ ਬਾਕੀ ਫਸਲ ਨੂੰ ਖੁੱਲ੍ਹੀ ਮੰਡੀ ਵਿੱਚ ਵਪਾਰੀਆਂ ਦੇ ਰਹਿਮਕਰਨ ਤੇ ਛੱਡਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ 130 ਲੱਖ ਟਨ ਕਣਕ ਤੇ 180 ਲੱਖ ਟਨ ਝੋਨਾ ਪੈਦਾ ਹੁੰਦਾ ਹੈ। ਦੋਹਾਂ ਫਸਲਾਂ ਦੀ ਕੀਮਤ ਤਕਰੀਬਨ 55 ਹਜਾਰ ਕਰੋੜ ਰੁਪੈ ਬਣਦੀ ਹੈ। ਜੇਕਰ ਸਰਕਾਰ ਐਮ. ਐਸ. ਪੀ. ਤੋਂ ਪਿੱਛੇ ਹੱਟਦੀ ਹੈ ਤਾਂ ਵਪਾਰੀ ਇਸ ਫਸਲ ਨੂੰ ਅੱਧੀ ਕੀਮਤ ਤੇ ਖਰੀਦਣਗੇ। ਜਿਸ ਨਾਲ ਕਿਸਾਨ ਦਾ ਪੱਕਾ ਮਰੇਗਾ ਹੀ ਮਰੇਗਾ। ਇਸ ਨਾਲ ਪੰਜਾਬ ਦਾ ਸ਼ਹਿਰੀ ਵਪਾਰ ਵੀ ਡੁੱਬੇਗਾ। ਉਹਨਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਉਸਦੀ ਫਸਲ ਦਾ ਪੂਰਾ ਭਾਅ ਨਾ ਮਿਲਣ ਕਰਕੇ ਅੰਕੜਿਆਂ ਮੁਤਾਬਿਕ 1995-2019 ਤੱਕ 340000 ਕਿਸਾਨ ਆਤਮਹੱਤਿਆ ਕਰ ਚੁੱਕੇ ਹਨ। ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਆਤਮਹੱਤਿਆਵਾਂ ਦਾ ਦੌਰ ਵਧੇਗਾ ਤੇ ਦੇਸ਼ 'ਚ ਅਰਾਜਕਤਾ ਫੈਲ ਸਕਦੀ ਹੈ। ਉਹਨਾਂ ਰਾਜਨੀਤਿਕਾਂ ਲੋਕਾਂ ਖਾਸ ਕਰਕੇ ਸੰਸਥਾ ਤੇ ਗਿਲ੍ਹਾ ਕਰਦਿਆਂ ਕਿਹਾ ਕਿ ਉਹ ਬੌਧਿਕ ਤੌਰ 'ਤੇ ਖਾਲੀ ਜਾਪਦੇ ਹਨ। ਜਿਨ੍ਹਾਂ ਨੇ ਅੱਜ ਤਕ ਸੰਸਦ 'ਚ ਕਿਸਾਨ ਮੁੱਦਿਆਂ ਤੇ ਕੋਈ ਠੋਸ ਯੋਜਨਾਵਾਂ ਨਹੀਂ ਬਣਾ ਕੇ ਦਿੱਤੀਆਂ।

ਖੋਸਾ ਅਤੇ ਮੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਜਿਸਟਰੀ ਤੇ ਅਸ਼ਟਾਮ ਫੀਸ 1% ਵਧਾ ਕੇ ਕਿਸਾਨ ਵਿਰੋਧੀ ਫੈਸਲਾ ਕੀਤਾ ਹੈ। ਪੰਜਾਬ ਵਿੱਚ ਅਪੁਆਇੰਟਮੈਂਟ ਤੋਂ ਬਿਨਾਂ ਮੌਕੇ ਤੇ ਫੀਸ 500 ਤੋਂ ਵਧਾ ਕੇ 5000 ਰੁਪੈ ਕਰ ਦਿੱਤੀ ਹੈ ਜੋ ਕਿ ਘੋਰ ਅਨਿਆਏ ਹੈ। ਉਹਨਾਂ ਇਹ ਵੀ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਪੂਰੀ ਲੁੱਟ ਹੋ ਰਹੀ ਹੈ। ਪੇਪਰ ਭਰਨ ਦੀ ਫੀਸ 100/- ਰੁਪੈ ਤੁਰੰਤ ਕੀਤੀ ਜਾਵੇ।

ਇਸ ਮੌਕੇ ਉਹਨਾਂ ਤੋਂ ਇਲਾਵਾ ਮਲਕੀਤ ਸਿੰਘ ਥੰਮਣਵਾਲਾ, ਸੰਤ ਸਿੰਘ ਮੁੰਨਣ, ਮੰਦਰਜੀਤ ਸਿੰਘ ਨਿਰਮਲ ਸਿੰਘ ਮਨਾਵਾਂ, ਸਵਰਨ ਸਿੰਘ ਅਜੀਤ ਸਿੰਘ ਗੁਰਜੀਤ ਸਿੰਘ ਮੰਦਰ, ਸਾਹਿਬ ਸਿੰਘ ਬੋਘੇਵਾਲਾ, ਪ੍ਰਗਟ ਸਿੰਘ ਸੁਰਜੀਤ ਸਿੰਘ ਮਲੂਕ ਸਿੰਘ ਮਸਤੇਵਾਲਾ, ਕੁਲਵੰਤ ਸਿੰਘ ਪਿਆਰਾ ਸਿੰਘ ਸਰਬਜੀਤ ਸਿੰਘ ਜੋਗੇਵਾਲਾ ਆਦਿ ਹਾਜ਼ਰ ਸਨ।