ਸਵਰਨ ਗੁਲਾਟੀ, ਮੋਗਾ : ਥਾਣਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਜਲਾਲਾਬਾਦ ਵਾਸੀ ਇਕ ਕੁੜੀ ਨੂੰ ਉਸ ਦੇ ਸੁਹਰੇ ਪਰਿਵਾਰ ਵੱਲੋ ਦਹੇਜ ਦੀ ਮੰਗ ਨੂੰ ਲੈ ਕੇ ਤੰਗ ਪਰੇਸ਼ਾਨ ਕਰਨ ਤੇ ਵਿਆਹ ਦੌਰਾਨ ਦਿੱਤੇ ਦਹੇਜ ਨੂੰ ਖੁਰਦ ਬੁਰਦ ਕਰ ਕੇ ਉਸ ਨੂੰ ਘਰੋ ਕੱਢ ਦਿੱਤਾ। ਪੀੜਤਾ ਵੱਲੋ ਇਨਸਾਫ ਲੈਣ ਲਈ ਪੁਲਿਸ ਨੂੰ ਗੁਹਾਰ ਲਵਾਉਣ ਤੋਂ ਬਾਅਦ ਪੁਲਿਸ ਨੇ ਪੀੜਤਾ ਦੇ ਪਤੀ, ਸੱਸ ਤੇ ਸੁਹਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਧਰਮਕੋਟ ਦੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਸੁਖਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ ਵਾਸੀ ਪਿੰਡ ਜਲਾਲਾਬਾਦ ਪੂਰਬੀ ਵੱਲੋ ਐੱਸਐੱਸਪੀ ਮੋਗਾ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਵਿਆਹ 7 ਫਰਵਰੀ 2017 ਨੂੰ ਜਸਕਰਨ ਸਿੰਘ ਪੁੱਤਰ ਮੌੜ ਸਿੰਘ ਵਾਸੀ ਸ਼ੇਰੇਵਾਲਾ ਨਾਲ ਹੋਇਆ ਸੀ। ਉਸ ਨੇ ਕਿਹਾ ਕਿ ਵਿਆਹ ਦੇ ਮੌਕੇ ਉਸ ਦੇ ਪੇਕੇ ਪਰਿਵਾਰ ਵੱਲੋ ਆਪਣੀ ਹੈਸੀਅਤ ਅਨੁਸਾਰ ਦਾਜ ਦਹੇਜ ਦਿੱਤਾ ਸੀ ਪਰ ਵਿਆਹ ਦੇ ਕੁਝ ਸਮਾਂ ਬਾਅਦ ਉਸ ਦਾ ਸੁਹਰਾ ਪਰਿਵਾਰ ਪਤੀ ਜਸਕਰਨ ਸਿੰਘ, ਸੁਹਰਾ ਮੌੜ ਸਿੰਘ ਅਤੇ ਸੱਸ ਚਰਨਜੀਤ ਕੌਰ ਉਸ ਪਾਸੋ ਹੋਰ ਦਹੇਜ ਦੀ ਮੰਗ ਕਰਨ ਲੱਗ ਪਏ ਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਵਿਆਹ ਸਮੇਂ ਦਿੱਤੇ ਦਾਜ ਦਹੇਜ ਨੂੰ ਖੁਰਦ-ਬੁਰਦ ਕਰ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਐੱਸਐੱਸਪੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਡੀਐੱਸਪੀ ਧਰਮਕੋਟ ਨੂੰ ਕਰਨ ਦੇ ਆਦੇਸ਼ ਦਿੱਤੇ ਗਏ। ਡੀਐੱਸਪੀ ਵੱਲੋਂਂ ਕੀਤੀ ਜਾਂਚ ਦੌਰਾਨ ਸ਼ਿਕਾਇਤਕਰਤਾ ਪੀੜਤਾ ਵੱਲੋਂ ਲਗਾਏ ਦੋਸ਼ ਸਹੀ ਪਾਏ ਜਾਣ 'ਤੇ ਪੁਲਿਸ ਨੇ ਪੀੜਤ ਲੜਕੀ ਦੇ ਪਤੀ ਜਸਕਰਨ ਸਿੰਘ, ਸੱਸ ਚਰਨਜੀਤ ਕੌਰ ਅਤੇ ਸੁਹਰੇ ਮੌੜ ਸਿੰਘ ਵਾਸੀ ਪਿੰਡ ਸ਼ੇਰੇਵਾਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Posted By: Amita Verma