ਸਵਰਨ ਗੁਲਾਟੀ, ਮੋਗਾ : ਕਸਬਾ ਸਮਾਲਸਰ ਅਧੀਨ ਪੈਂਦੇ ਪਿੰਡ ਭਲੂਰ ਦੇ ਕੋਲ ਅਣਪਛਾਤੇ ਵਾਹਨ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਮੋਟਰਸਾਈਕਲ 'ਤੇ ਬੈਠਾ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਮੋਗਾ ਦੇ ਸਰਕਾਰੀ ਹਸਪਤਾਲ ਵਿਚ ਮਿ੍ਤਕ ਪਰਵਾਸੀ ਮਜ਼ਦੂਰ ਦਾ ਪੋਸਟ ਮਾਰਟਮ ਕਰਵਾਉਣ ਉਸ ਦੇ ਸਾਥੀਆਂ ਨੇ ਦੱਸਿਆ ਕਿ ਮਿ੍ਤਕ ਰਾਮ ਕੁਮਾਰ 18 ਸਾਲ ਪੁੱਤਰ ਸੁਵਰਾਜ ਸਿੰਘ ਵਾਸੀ ਉੱਤਰ ਪ੍ਰਦੇਸ਼ ਜੋ ਕਿ ਜਿਲ੍ਹਾ ਮੋਗਾ ਦੇ ਪਿੰਡ ਗਿੱਲ ਵਿਖੇ ਇਕ ਇੱਟਾਂ ਦੇ ਭੱਠੇ ਤੇ ਮੇਹਨਤ ਮਜਦੂਰੀ ਕਰਦਾ ਸੀ ਤੇ ਕੱਲ ਦੇਰ ਸ਼ਾਮ ਸਾਢੇ 6 ਵਜੇ ਦੇ ਕਰੀਬ ਆਪਣੇ ਇਕ ਸਾਥੀ ਸੁਧੀਰ ਨੂੰ ਨਾਲ ਲੈਕੇ ਮੋਟਰਸਾਈਕਲ ਤੇ ਪਿੰਡ ਭਲੂਰ ਦੇ ਕੋਲ ਇਕ ਇੱਟਾਂ ਵਾਲੇ ਭੱਠੇ ਤੇ ਰਹਿੰਦੇ ਕਿਸੇ ਰਿਸ਼ਤੇਦਾਰ ਨੂੰ ਪੈਸੇ ਦੇਣ ਜਾ ਰਿਹਾ ਸੀ। ਜਦ ਉਹ ਪਿੰਡ ਭਲੂਰ ਦੇ ਨੇੜੇ ਪੁੱਜੇ ਤਾਂ ਇਸ ਦੌਰਾਨ ਉਹਨਾਂ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਉਹ ਦੋਨੋਂ ਬੁਰੀ ਤਰ੍ਹਾਂ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਜਿੱਥੇ ਜਖਮੀ ਰਾਮ ਕੁਮਾਰ ਨੂੰ ਡਾਕਟਰਾਂ ਨੇ ਮਿ੍ਤਕ ਕਰਾਰ ਦੇ ਦਿੱਤਾ ਜਦਕਿ ਉਸ ਦੇ ਸਾਥੀ ਸੁਧੀਰ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਥਾਣਾ ਸਮਾਲਸਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।