ਵਕੀਲ ਮਹਿਰੋਂ, ਮੋਗਾ : ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਵੱਲੋਂ ਸੂਬੇ ਦੇ 380 ਸਰਕਾਰੀ ਸਕੂਲਾਂ ਤੋਂ ਵੱਧ ਨੂੰ ਡੀਡੀ ਪਾਵਰਾਂ ਜਾਰੀ ਕਰਵਾਉਣ ਲਈ ਕੁੰਭਕਰਨੀ ਨੀਂਦ ਤੋਂ ਜਗਾਉਣ ਵਾਸਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।

ਇਸ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਸਟੇਟ ਕਮੇਟੀ ਮੈਂਬਰ ਗੁਰਦਰਸ਼ਨ ਸਿੰਘ ਮੁੱਖ ਸਲਾਹਕਾਰ ਗੁਰਇੰਦਰ ਸਿੰਘ ਦੀ ਸਾਂਝੀ ਅਗਵਾਈ 'ਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਹਰਪ੍ਰਰੀਤ ਸਹਿਗਲ, ਬਲਰਾਜ ਕੋਕਰੀਕਲਾਂ, ਇੰਦਰਪਾਲ ਸਿੰਘ ਤੇ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਜਿਨ੍ਹਾਂ ਦੀ ਗਿਣਤੀ ਲਗਪਗ 380 ਤੋਂ ਵੱਧ ਹੈ, ਉਹ ਸਕੂਲ ਡੀਡੀ ਪਾਵਰਾਂ ਤੋਂ ਤਕਰੀਬਨ ਡੇਢ ਮਹੀਨੇ ਤੋਂ ਤਰਸ ਰਹੇ ਹਨ ਤੇ ਉਨ੍ਹਾਂ ਦੀ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਕਢਵਾਉਣ ਵਾਲਾ ਕੋਈ ਵਾਲੀ ਵਾਰਸ ਨਹੀਂ। ਪੰਜਾਬ ਸਰਕਾਰ ਅਤੇ ਕੁੰਭਕਰਨੀ ਦੀ ਨੀਂਦ ਵਿਚ ਸੁੱਤੇ ਹੋਏ ਅਧਿਕਾਰੀਆਂ ਨੂੰ ਜਗਾਉਣ ਵਾਸਤੇ ਮਾਸਟਰ ਕੇਡਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਦਫ਼ਤਰ ਅੱਗੇ ਲਾਇਆ ਗਿਆ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪਿੱਟ ਸਿਆਪਾ ਕੀਤਾ ਗਿਆ।

ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸੂਬੇ ਦੇ ਵੱਖ-ਵੱਖ ਸਕੂਲਾਂ ਵਿਚ ਬਹੁਤ ਸਾਰੇ ਪਿੰ੍ਸੀਪਲਾਂ ਅਤੇ ਹੈੱਡ ਮਾਸਟਰਾਂ ਦੀਆਂ ਬਦਲੀਆਂ ਹੋਣ ਉਪਰੰਤ ਸੂਬੇ ਦੇ 380 ਤੋਂ ਵੱਧ ਹਾਈ ਅਤੇ ਸੈਕੰਡਰੀ ਸਕੂਲਾਂ ਵਿਚ ਕੰਮ ਕਰਦੇ ਹਜ਼ਾਰਾਂ ਹੀ ਕਰਮਚਾਰੀਆਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਹਾਲੇ ਤਕ ਇਨ੍ਹਾਂ ਸਕੂਲਾਂ ਦੀਆਂ ਡੀਡੀ ਪਾਵਰਾਂ ਜਾਰੀ ਨਹੀਂ ਕੀਤੀਆਂ। ਮਾਸਟਰ ਕੇਡਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਡੀਡੀ ਪਾਵਰਾਂ ਤੋਂ ਵਾਂਝੇ 380 ਤੋਂ ਵੀ ਵੱਧ ਸਕੂਲਾਂ ਨੂੰ ਤੁਰੰਤ ਡੀਡੀ ਪਾਵਰਾਂ ਜਾਰੀ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਸੂਬੇ ਵਿਚ ਹੋਰ ਵੀ ਤਿੱਖੇ ਐਕਸ਼ਨ ਕੀਤੇ ਜਾਣਗੇ।

ਇਸ ਮੌਕੇ ਹਰਪ੍ਰਰੀਤ ਸਿੰਘ ਸਹਿਗਲ ਬਲਾਕ ਪ੍ਰਧਾਨ, ਅਮਨਦੀਪ ਸਿੰਘ ਲੋਹਗੜ੍ਹ ਬਲਾਕ ਪ੍ਰਧਾਨ, ਨਿਰਮਲਜੀਤ ਸਿੰਘ ਬਲਾਕ ਪ੍ਰਧਾਨ, ਇੰਦਰਪਾਲ ਸਿੰਘ ਬਲਾਕ ਪ੍ਰਧਾਨ, ਅਸ਼ਵਨੀ ਅਰੋੜ, ਜਤਿੰਦਰ ਕੌਰ, ਮੀਨੂੰ ਗਰਗ, ਮੀਨਾਕਸ਼ੀ, ਕਮਲਜੀਤ ਕੌਰ, ਮੰਜੂ, ਅਮਨਦੀਪ ਕੌਰ, ਗੁਰਸ਼ਰਨ ਸਿੰਘ, ਜਸਵਿੰਦਰ ਸਿੰਘ, ਜਗਦੀਪ ਸਿੰਘ ਰਾਮਾ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਅੰਮਿ੍ਤਪਾਲ ਆਦਿ ਵੀ ਹਾਜ਼ਰ ਸਨ।