- ਪਿੰਗਲਵਾੜਾ ਦੀ ਮਦਦ ਨਾਲ ਛੇ ਮਹੀਨੇ ਬਾਦ ਨਾਰਮਲ ਜ਼ਿੰਦਗੀ ਜੀ ਸਕੇਗਾ ਸੋਨੂੰ : ਲੂੰਬਾ

ਕੈਪਸ਼ਨ : ਸੋਨੂੰ ਨਾਮ ਦੇ ਮਾਨਸਿਕ ਰੋਗੀ ਨੌਜਵਾਨ ਨੂੰ ਪਿੰਗਲਵਾੜਾ ਅੰਮਿ੍ਤਸਰ ਦੇ ਪ੍ਰਬੰਧਕਾਂ ਨੂੰ ਸੌਂਪਦੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਬਲਕਾਰ ਸਿੰਘ ਲੰਢੇਕੇ ਤੇ ਰਿਸ਼ਭ ਲੂੰਬਾ ਆਦਿ।

ਨੰਬਰ : 16 ਮੋਗਾ 8 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਮੁਹੱਲਾ ਸਿਵੀਆਂ 'ਚ ਪਿਛਲੇ ਕਈ ਸਾਲਾਂ ਤੋਂ ਇੱਕ ਸੁੰਨਸਾਨ ਮਕਾਨ 'ਚ ਦਿਨ ਕਟ ਰਹੇ ਮਾਨਸਿਕ ਰੋਗੀ ਨੌਜਵਾਨ ਸੋਨੂੰ (ਕਾਲਪਨਿਕ ਨਾਮ) ਨੂੰ ਮੋਗਾ ਸ਼ਹਿਰ ਦੇ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਮਿਲ ਗਿਆ ਹੈ ਤੇ ਉਹ ਪਿੰਗਲਵਾੜਾ ਅੰਮਿ੍ਤਸਰ ਪਹੁੰਚ ਗਿਆ ਹੈ।

ਜ਼ਿਕਰਯੋਗ ਹੈ ਕਿ ਕਰੀਬ ਦੋ ਹਫਤੇ ਪਹਿਲਾਂ ਮੁਹੱਲਾ ਸਿਵੀਆਂ ਦੇ ਲੋਕਾਂ ਨੇ ਸਮਾਜ ਸੇਵੀ ਰਾਕੇਸ਼ ਸਿਤਾਰਾ ਦੇ ਰਾਹੀਂ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਦੇ ਧਿਆਨ ਵਿੱਚ ਲਿਆਂਦਾ ਕਿ ਮੁਹੱਲਾ ਸਿਵੀਆਂ 'ਚ ਇੱਕ ਕਰੀਬ 35 ਸਾਲ ਦਾ ਨੌਜਵਾਨ ਰਹਿੰਦਾ ਹੈ, ਜਿਸਦੇ ਮਾਂ-ਬਾਪ ਜਾਂ ਭੈਣ ਭਰਾਵਾਂ ਬਾਰੇ ਮੁਹੱਲੇ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਨੌਜਵਾਨ ਮਾਨਸਿਕ ਤੌਰ ਤੇ ਬਿਮਾਰ ਹੈ ਤੇ ਅਕਸਰ ਨੰਗਾ ਹੋ ਮੁਹੱਲੇ ਵਿੱਚ ਘੁੰਮਦਾ ਰਹਿੰਦਾ ਹੈ ਤੇ ਕਈ ਵਾਰ ਬੱਚਿਆਂ ਮਗਰ ਰੋੜੇ ਲੈ ਕੇ ਦੌੜਦਾ ਹੈ। ਲੋਕਾਂ ਤੋਂ ਪੈਸੇ ਮੰਗ ਕੇ ਗੁਜਾਰਾ ਕਰਦਾ ਹੈ ਅਤੇ ਜਿਸ ਮਕਾਨ ਵਿੱਚ ਰਹਿੰਦਾ ਹੈ, ਉਥੇ ਜਗ੍ਹਾ ਜਗ੍ਹਾ ਤੇ ਲੈਟਰੀਨ ਦੇ ਢੇਰ ਲਗਾਏ ਹੋਏ ਹਨ, ਜਿਸ ਕਾਰਨ ਮੁਹੱਲੇ 'ਚ ਬਿਮਾਰੀਆਂ ਫੈਲਣ ਦਾ ਖਤਰਾ ਹੈ। ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਤੇ ਸਮਾਜ ਸੇਵੀ ਬਲਕਾਰ ਸਿੰਘ ਲੰਢੇਕੇ ਨੇ ਪਿਛਲੇ ਦਿਨੀਂ ਮੁਹੱਲੇ 'ਚ ਮੌਕਾ ਦੇਖਿਆ ਤੇ ਉਸ ਨੌਜਵਾਨ ਬਾਰੇ ਲੋਕਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਲੋਕਾਂ ਦੀ ਉਕਤ ਸ਼ਿਕਾਇਤ ਸਹੀ ਪਾਈ ਗਈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰਨ ਉਪਰੰਤ ਕੁੱਝ ਜਰੂਰੀ ਕਾਗਜ਼ੀ ਕਾਰਵਾਈ ਉਪਰੰਤ ਇਨ੍ਹਾਂ ਸਮਾਜ ਸੇਵੀ ਲੋਕਾਂ ਨੇ ਮੁਹੱਲੇ ਦੇ ਮੋਹਤਬਰ ਲੋਕਾਂ ਦੀ ਹਾਜ਼ਰੀ 'ਚ ਸੋਨੂੰ ਨਾਮ ਦੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲਿਆ ਦੇ ਉਸ ਨੂੰ ਇਸ਼ਨਾਨ ਵਗੈਰਾ ਕਰਵਾ ਕੇ ਸਾਫ ਕੱਪੜੇ ਪਹਿਨਾਏ ਤੇ ਉਸ ਤੋਂ ਬਾਅਦ ਪਿੰਗਲਵਾੜਾ ਅੰਮਿ੍ਤਸਰ ਲਈ ਲੈ ਕੇ ਰਵਾਨਾ ਹੋ ਗਏ। ਪਿੰਗਲਵਾੜਾ ਅੰਮਿ੍ਤਸਰ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦੀ ਹਾਜਰੀ ਵਿੱਚ ਉਕਤ ਨੌਜਵਾਨ ਨੂੰ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਤੁਰੰਤ ਉਸਦਾ ਮੈਡੀਕਲ ਇਲਾਜ਼ ਸ਼ੁਰੂ ਕਰ ਦਿੱਤਾ ਗਿਆ।

ਇਸ ਸਬੰਧੀ ਪ੍ਰਰੈਸ ਨੂੰ ਜਾਣਕਾਰੀ ਦਿੰਦਿਆਂ ਮਹਿੰਦਰ ਪਾਲ ਲੁੰਬਾ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਪੰਜ਼ ਮਰੀਜ਼ਾਂ ਨੂੰ ਪਿੰਗਲਵਾੜਾ ਅੰਮਿ੍ਤਸਰ ਛੱਡ ਚੁੱਕੇ ਹਾਂ, ਜੋ ਠੀਕ ਹੋਣ ਤੋਂ ਬਾਅਦ ਹੁਣ ਪਿੰਗਲਵਾੜਾ ਅੰਮਿ੍ਤਸਰ ਵਿੱਚ ਹੀ ਹੋਰਨਾਂ ਲੋੜਵੰਦ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਪੂਰਨ ਉਮੀਦ ਹੈ ਕਿ ਇਹ ਨੌਜਵਾਨ ਵੀ ਅਗਲੇ ਛੇ ਮਹੀਨੇ 'ਚ ਬਿਲਕੁਲ ਠੀਕ ਹੋ ਜਾਵੇਗਾ ਅਤੇ ਜੇਕਰ ਇਸ ਨੂੰ ਆਪਣੇ ਪਰਿਵਾਰ ਬਾਰੇ ਕੁੱਝ ਯਾਦ ਆਇਆ ਤਾਂ ਇਸ ਨੂੰ ਪਰਿਵਾਰ ਨਾਲ ਮਿਲਾਇਆ ਜਾਵੇਗਾ, ਨਹੀਂ ਤਾਂ ਇਹ ਆਪਣੀ ਬਾਕੀ ਜ਼ਿੰਦਗੀ ਹੋਰਨਾਂ ਮਰੀਜ਼ਾਂ ਦੀ ਸੇਵਾ ਵਿੱਚ ਗੁਜਾਰ ਦੇਵੇਗਾ। ਉਨ੍ਹਾਂ ਇਸ ਨੌਜਵਾਨ ਨੂੰ ਪਿੰਗਲਵਾੜਾ ਅਮਿ੍ਰਤਸਰ ਪਹੁੰਚਾਉਣ 'ਚ ਯੋਗਦਾਨ ਪਾਉਣ ਲਈ ਸਮਾਜ ਸੇਵੀ ਬਲਕਾਰ ਸਿੰਘ ਲੰਢੇਕੇ, ਰਾਕੇਸ਼ ਸਿਤਾਰਾ, ਰਿਸ਼ਭ ਲੂੰਬਾ, ਰਾਜ ਦੇਵੀ, ਕੇਵਲ ਕਿ੍ਰਸ਼ਨ, ਪ੍ਰਰੇਮ ਕੁਮਾਰ, ਬਿੱਟੂ ਅਰੋੜਾ, ਰਾਜੂ, ਸੁਖਵਿੰਦਰ ਸਿੰਘ ਲੰਢੇਕੇ, ਬਲਜੀਤ ਸਿੰਘ, ਵਿਨੋਦ ਕੁਮਾਰ ਆਦਿ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।