ਵਕੀਲ ਮਹਿਰੋਂ, ਮੋਗਾ : ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦੇ ਵਿਰੋਧ 'ਚ ਪਿੰਡ ਧੱਲੇਕੇ ਵਿਖੇ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਕਮਲਜੀਤ ਕੌਰ ਧੱਲੇਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਖੇਤੀ ਨਾਲ ਸਬੰਧਤ ਤਿੰਨ ਬਿੱਲ ਪਾਸ ਕਰਵਾਏ ਹਨ ਇਹ ਇੱਕ ਕਿਸਾਨਾਂ ਲਈ ਬਹੁਤ ਹੀ ਜ਼ਿਆਦਾ ਘਾਤਕ ਹਨ। ਜਿਸ ਨਾਲ ਛੋਟੀ ਕਿਸਾਨੀ ਜ਼ਮੀਨਾਂ ਤੋਂ ਬਿਲਕੁਲ ਬਾਹਰ ਹੋ ਜਾਣੀ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਠੇਕਾ ਖੇਤੀ ਨੂੰ ਉਤਸ਼ਾਹਿਤ ਕਰਦੇ ਹਨ ਜਿਸ ਕਰਕੇ ਵੱਡੀਆਂ ਕੰਪਨੀਆਂ ਨੇ ਕਿਸਾਨਾਂ ਦੀ ਲੁੱਟ ਹੋਰ ਤੇਜ਼ ਕਰ ਦੇਣੀ ਹੈ। ਖੁੱਲ੍ਹੀ ਮੰਡੀ ਦੇ ਨਾਂਅ ਹੇਠ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀ ਫਸਲ ਮਨਮਰਜ਼ੀ ਦੇ ਭਾਅ ਖ਼ਰੀਦਣ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਇਨ੍ਹਾਂ ਕਾਨੂੰਨਾਂ ਨੇ ਕਿਸਾਨਾਂ ਨੂੰ ਜਮ੍ਹਾਂ ਖੁੰਗਲ ਕਰ ਦੇਣਾ ਹੈ। ਜੇ ਕਿਸਾਨੀ ਕੋਲ ਖਰੀਦਣ ਲਈ ਪੈਸੇ ਹੀ ਨਹੀਂ ਹੋਣਗੇ ਤਾਂ ਛੋਟੇ ਦੁਕਾਨਦਾਰ, ਰੇਹੜੀ ਫੜ੍ਹੀ ਵਾਲੇ ਤੇ ਹੋਰ ਛੋਟੇ ਮੋਟੇ ਕੰਮਾਂ ਵਾਲਿਆਂ ਦਾ ਵੀ ਗੁਜਾਰਾ ਚੱਲਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਹੋਰ ਵਧੇਗੀ, ਬਿਜਲੀ ਸੋਧ ਬਿੱਲ 2020 ਲਾਗੂ ਹੋਣ ਨਾਲ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਗਰੀਬਾਂ ਨੂੰ ਮੀਟਰਾਂ ਤੇ ਮਿਲਦੀ ਸਬਸਿਡੀ ਵੀ ਖ਼ਤਮ ਹੋ ਜਾਵੇਗੀ।

ਇਸ ਮੌਕੇ ਸਰਪੰਚ ਹਰਦੇਵ ਸਿੰਘ ਧੱਲੇਕੇ, ਬਲਜੀਤ ਕੌਰ, ਗੁਰਦੀਪ ਕੌਰ, ਜਸਵੰਤ ਕੌਰ, ਸਾਸੀ ਬਾਲਾ। ਚਰਨਜੀਤ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ , ਦਲੀਪ ਕੌਰ, ਰੀਨਾ, ਹਰਪਾਲ ਕੌਰ, ਬੇਅੰਤ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ।