ਵਕੀਲ ਮਹਿਰੋਂ, ਮੋਗਾ : ਕ੍ਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੂਬਾ ਸਿੰਘ ਨੱਥੂਵਾਲਾ ਨੇ ਦੱਸਿਆ ਕਿ ਅੱਜ ਨੱਥੂਵਾਲਾ ਗਰਬੀ, ਨਾਥੇਵਾਲਾ ਅਤੇ ਮਾਹਲਾ ਵਿਖੇ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਜਿਨਾਂ ਵਿੱਚ ਮਾਈਕਰੋਫਾਈਨੈਂਸ ਕੰਪਨੀਆਂ ਤੋਂ ਪੀੜਤ ਅੌਰਤਾਂ ਵੱਡੀ ਗਿਣਤੀ ਵਿੱਚ ਪੁੱਜੀਆਂ। ਇਨ੍ਹਾਂ ਰੈਲੀਆਂ ਨੂੰ ਕਾਰਜਕਾਰੀ ਪ੍ਰਧਾਨ ਬਬਲੀ ਅਟਵਾਲ ਅਤੇ ਸੂਬਾ ਕਮੇਟੀ ਮੈਂਬਰ ਬਲਵੰਤ ਮਖੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਈਕਰੋਫਾਈਨੈਂਸ ਕੰਪਨੀਆਂ ਮਹੀਨਾ ਚਾਰ ਹਫਤੇ ਦਾ ਗਿਣਕੇ ਸਾਲ ਵਿੱਚ ਤੇਰਾਂ ਮਹੀਨੇ ਦਾ ਵਿਆਜ ਲੈਕੇ, ਵੱਡੀਆਂ ਵਿਆਜ਼ ਦਰਾਂ ਲਾਕੇ ਕਿਰਤੀ ਲੋਕਾਂ ਦੀ ਲੁੱਟ ਕਰ ਰਹੀਆਂ ਹਨ। ਮਜਦੂਰਾਂ ਵੱਲੋਂ ਇਨ੍ਹਾਂ ਤੋਂ ਕਰਜੇ ਚੁੱਕਣੇ ਮਜਬੂਰੀ ਬਣੇ ਹੋਏ ਹਨ ਕਿਉਂਕਿ ਬੈਂਕ ਗਰੰਟਡ ਲੈਂਦੇ ਹਨ, ਗਰੀਬ ਦਾ ਕੋਈ ਗਰੰਟਡ ਨਹੀਂ ਬਣਦਾ।

ਆਗੂਆਂ ਨੇ ਮੰਗ ਕੀਤੀ ਕਿ ਲੌਕਡਾਊਨ ਨੇ ਗਰੀਬਾਂ ਦੀ ਆਰਥਕ ਪੱਖੋਂ ਕਮਰ ਤੋੜ ਦਿੱਤੀ ਹੈ। ਸਰਕਾਰ ਗਰੀਬਾਂ ਦੇ ਕਰਜ਼ਿਆਂ ਤੇ ਲੀਕ ਫੇਰ ਕੇ ਬਿਨਾ ਗਰੰਟੀ ਸਬਸਿਡੀ ਵਾਲੇ ਕਰਜੇ ਬੈਂਕਾਂ ਤੋਂ ਦਵਾਵੇ। ਲੌਕਡਾਊਨ ਦੁਰਾਨ ਸਰਕਾਰ ਨੇ ਭੁੱਖ ਨਾਲ ਮਰ ਰਹੇ ਲੋਕਾਂ ਦੀ ਕੋਈ ਬਾਂਹ ਨਹੀ ਫੜੀ। ਕੈਪਟਨ ਤੇ ਮੋਦੀ ਦੇ ਰਾਸਣ ਦੇ ਥੈਲੇ ਪਤਾ ਨਹੀਂ ਕਿਧਰ ਅਲੋਪ ਹੋ ਗਏ। ਡਿੱਪੂਆਂ ਨੇ ਵੀ ਪੂਰੀ ਕਣਕ ਨਹੀਂ ਦਿੱਤੀ। ਇਲਾਕੇ ਦੇ ਕਾਂਗਰਸੀ ਆਗੂ ਡਿਪੂ ਤੋਂ ਮਿਲੇ ਰਾਸ਼ਨ ਨੂੰ ਹੀ ਕਾਂਗਰਸ ਪਾਰਟੀ ਦੇ ਪੇਟੇ ਪਾਉਂਦੇ ਰਹੇ ਹਨ। ਇਨ੍ਹਾਂ ਪਿੰਡਾਂ ਦੇ ਦਰਜਨਾਂ ਮਜਦੂਰ ਦੂਸਰੇ ਸੂਬਿਆਂ ਖਾਸ ਕਰ ਰਾਜਿਸਥਾਨ ਗਏ ਸਨ। ਲੌਕਡਾਊਨ ਕਰਕੇ ਉਥੇ ਵਿਹਲੇ ਬੈਠੇ ਰਹੇ। ਵਾਪਸ ਆਉਣ ਤੇ ਪੁਲੀਸ ਘੇਰ ਕਿ ਘੱਲ ਕਲਾ ਦੇ ਕਾਲਜ ਲੈ ਗਈ ਅਤੇ ਬਿਨਾਂ ਕਰੋਨਾ ਬਿਮਾਰੀ ਬੰਦੀ ਬਣਾਈ ਰੱਖਿਆ। ਡੇਢ ਮਹੀਨੇ ਬੰਦੇ ਰਹਿਣ ਕਰਕੇ ਹਾੜੀ ਵੀ ਬਿਨਾਂ ਕਮਾਈ ਕੀਤਿਆਂ ਲੰਘ ਗਈ। ਸਰਕਾਰ ਨੇ ਆਰਥਿਕ ਤੌਰ ਤੇ ਪੀੜਤ ਲੋਕਾਂ ਦੇ ਖਾਤਿਆਂ ਵਿੱਚ ਕਾਣੀ ਕੌਡੀ ਨਹੀਂ ਪਾਈ। ਆਗੂਆਂ ਮੰਗ ਕੀਤੀ ਮਜਦੂਰ ਪਰਿਵਾਰਾਂ ਦੇ ਖਾਤਿਆਂ ਵਿੱਚ ਦਸ ਦਸ ਹਜ਼ਾਰ ਰੁਪਏ ਪਾਵੇ।