ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : 26 ਸਾਲ ਕੌਮ ਦੀ ਖਾਤਿਰ ਜੇਲ੍ਹ ਕੱਟਣ ਤੋਂ ਬਾਅਦ ਭਾਈ ਵਰਿਆਮ ਸਿੰਘ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਜਿਸ ਨਾਲ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਨਾਲ ਸਮੁੱਚੀ ਕੌਮ ਵਿੱਚ ਸੋਗ ਦੀ ਲਹਿਰ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ ਅਤੇ ਫੈਡਰੇਸ਼ਨ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਕੁਲਵੰਤ ਸਿੰਘ ਰਾਊਕੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਕੀ ਖਿਡਾਰੀ ਬਲਵੀਰ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਲਾਉਣ ਦੀ ਗੱਲ ਆਖੀ ਸੀ। ਜਿਸਦਾ ਵਿਰੋਧ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਇਕ ਪਾਸੇ ਕੌਮ ਦੀ ਖਾਤਿਰ ਜੇਲ੍ਹ ਕੱਟਣ ਵਾਲੇ ਭਾਈ ਵਰਿਆਮ ਸਿੰਘ ਵਰਗਿਆਂ ਤੇ ਸ਼੍ਰੋਮਣੀ ਕਮੇਟੀ ਚੁੱਪ ਕਰ ਜਾਂਦੀ ਹੈ ਅਤੇ ਦੂਜੇ ਪਾਸੇ ਸਿੱਖ ਕੌਮ ਦੇ ਜੈਕਾਰੇ ਦਾ ਵਿਰੋਧੀ ਬਲਵੀਰ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਲਾਉਣ ਦੀ ਗੱਲ ਬਹੁਤ ਨਿੰਦਣਯੋਗ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਭਾਈ ਵਰਿਆਮ ਸਿੰਘ ਵਰਗੇ ਅਨੇਕਾਂ ਯੋਧੇ ਹਨ ਜਿਨ੍ਹਾਂ ਨੇ ਕੌਮ ਦੀ ਖਾਤਿਰ ਸਾਰੀ ਉਮਰ ਜੇਲ੍ਹ ਕੱਟੀ ਤੇ ਸੰਘਰਸ਼ ਲੜਿਆ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਅਨਦੇਖਿਆ ਕੀਤਾ ਹੋਇਆ ਹੈ ਅਤੇ ਪਰਿਵਾਰ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਮੰਗ ਕੀਤੀ ਕਿ ਭਾਈ ਵਰਿਆਮ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਲੱਗਣੀ ਚਾਹੀਦੀ ਹੈ ਤਾਂ ਜੋ ਕਿ ਆਉਣ ਵਾਲੀ ਪੀੜ੍ਹੀ ਨੂੰ ਮਾਣ ਹੋ ਸਕੇ ਕਿ ਸਾਡੇ ਵੱਡੇ ਵਡੇਰਿਆਂ ਨੇ ਕੌਮ ਦੀ ਖਾਤਰ ਬਹੁਤ ਸੰਘਰਸ਼ ਕੀਤਾ। ਇਸ ਸਮੇ ਹੋਰਨਾਂ ਤੋਂ ਇਲਾਵਾ ਰਘਬੀਰ ਸਿੰਘ ਡੋਡ, ਬਿਕਰਮਜੀਤ ਸਿੰਘ ਖਾਲਸਾ ਰਣਜੀਤ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਮੋਗਾ ਸੁਖਵਿੰਦਰ ਸਿੰਘ ਰਾਊਕੇ ਆਦਿ ਹਾਜ਼ਰ ਸਨ।